ਪਾਕਿਸਤਾਨੀ ਸੁਰੱਖਿਆ ਬਲਾਂ ਨੇ ਅੱਧੀ ਰਾਤ ਨੂੰ ਕੀਤੀ ਕਾਰਵਾਈ ਵਿਚ 67 ਅਫ਼ਗਾਨ ਤਾਲਿਬਾਨ ਨੂੰ ਮਾਰ ਮੁਕਾਇਆ। ਸੁਰੱਖਿਆ ਬਲਾਂ ਨੇ ਮੰਗਲਵਾਰ ਤੜਕੇ ਦੱਖਣ-ਪੱਛਮੀ ਸਰਹੱਦ ਦੇ ਨਾਲ 16 ਟਿਕਾਣਿਆਂ ’ਤੇ ਅਫ਼ਗ਼ਾਨ ਤਾਲਿਬਾਨ ਦੇ ਹਮਲੇ ਨਾਕਾਮ ਕਰ ਦਿੱਤੇ।
ਸੂਚਨਾ ਮੰਤਰੀ ਅਤਾਉੱਲ੍ਹਾ ਤਾਰੜ ਨੇ 26 ਫਰਵਰੀ ਨੂੰ ਸ਼ੁਰੂ ਕੀਤੇ ਅਪਰੇਸ਼ਨ ਗਜ਼ਬ-ਲਿਲ-ਹੱਕ ਬਾਰੇ ਤਫ਼ਸੀਲ ਸਾਂਝੀ ਕਰਦਿਆਂ ਕਿਹਾ ਕਿ ਖੈਬਰ ਪਖਤੂਨਖਵਾ ਸੂਬੇ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਅੱਧੀ ਰਾਤ ਨੂੰ ਕੀਤੀ ਕਾਰਵਾਈ ਵਿਚ 40 ਅਫ਼ਗਾਨ ਤਾਲਿਬਾਨ ਲੜਾਕੇ ਮਾਰੇ ਗਏ। ਐਕਸ ’ਤੇੇ ਪਾਈ ਪੋਸਟ ਵਿੱਚ ਉਨ੍ਹਾਂ ਕਿਹਾ, ‘‘ਇੱਕ ਥਾਂ ’ਤੇ ਸਿੱਧੇ ਹਮਲੇ ਦੀ ਕੋਸ਼ਿਸ਼ ਕੀਤੀ ਗਈ, ਜਦੋਂ ਕਿ 12 ਥਾਵਾਂ ’ਤੇ ਮਿਜ਼ਾਈਲ/ਡਰੋਨ ਹਮਲੇ ਕੀਤੇ ਗਏ, ਜਿਨ੍ਹਾਂ ਨੂੰ ਬਿਨਾਂ ਕਿਸੇ ਜਾਨੀ ਨੁਕਸਾਨ ਦੇ ਨਾਕਾਮ ਕਰ ਦਿੱਤਾ ਗਿਆ।’’
ਇਸ ਤੋਂ ਇਲਾਵਾ ਅਫ਼ਗਾਨ ਤਾਲਿਬਾਨ ਨੇ ਉੱਤਰੀ ਬਲੋਚਿਸਤਾਨ ਦੇ ਕਿਲਾ ਸੈਫੁੱਲਾ, ਨੋਸ਼ਕੀ ਅਤੇ ਚਮਨ ਜ਼ਿਲ੍ਹਿਆਂ ਵਿੱਚ 16 ਥਾਵਾਂ ’ਤੇ ਸਰਹੱਦ ਪਾਰੋਂ ਹਮਲੇ ਕੀਤੇ, ਪਾਕਿਸਤਾਨੀ ਫੌਜਾਂ ਨੇ 25 ਥਾਵਾਂ ’ਤੇ ਗੋਲੀਬਾਰੀ ਕੀਤੀ। ਅਧਿਕਾਰੀ ਨੇ ਕਿਹਾ, ‘‘ਇਨ੍ਹਾਂ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਤੇ ਅਫ਼ਗਾਨ ਤਾਲਿਬਾਨ ਦੇ 27 ਜਵਾਨ ਮਾਰੇ ਗਏ ਤੇ ਕਈ ਹੋਰ ਜ਼ਖ਼ਮੀ ਹੋ ਗਏ।’’ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਪੈਰਾਮਿਲਟਰੀ ਫਰੰਟੀਅਰ ਕੋਰ (ਐੱਫ ਸੀ) ਬਲੋਚਿਸਤਾਨ ਉੱਤਰੀ ਦਾ ਫੌਜੀ ਮਾਰਿਆ ਤੇ ਪੰਜ ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਟੀ ਵੀ ਪੀ ਟੀ ਵੀ ਨੇ ਕਿਹਾ ਕਿ ਪਾਕਿਸਤਾਨੀ ਹਥਿਆਰਬੰਦ ਬਲਾਂ ਨੇ ਅਫ਼ਗਾਨਿਸਤਾਨ ਦੇ ਨੰਗਰਹਾਰ ਸੂਬੇ ’ਚ ਹਵਾਈ ਹਮਲੇ ਦੌਰਾਨ ਖੋਗਨੀ ਬੇਸ ਨੂੰ ਤਬਾਹ ਕਰ ਦਿੱਤਾ ਹੈ।

