Pakistan ਤੇ Turkey ਦੀ Development ਇੱਕ-ਦੂਜੇ ਨਾਲ ਜੁੜੀ: ਸ਼ਰੀਫ਼
ਦੋਵਾਂ ਮੁਲਕਾਂ ਨੇ ਆਰਥਿਕ ਸਬੰਧ ਮਜ਼ਬੂਤ ਕਰਨ ’ਤੇ ਸਹਿਮਤੀ ਜਤਾਈ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਤੁਰਕੀ ਲਈ ਆਪਣੇ ਦੇਸ਼ ਦੀ ਹਮਾਇਤ ਦੁਹਰਾਉਂਦਿਆਂ ਕਿਹਾ ਕਿ ਅੰਕਾਰਾ (ਤੁਰਕੀ) ਦੀ ਕਾਮਯਾਬੀ ਅਤੇ ਇਸਲਾਮਾਬਾਦ (ਪਾਕਿਸਤਾਨ) ਦੀ ਤਰੱਕੀ ਇੱਕ-ਦੂਜੇ ਨਾਲ ਜੁੜੀ ਹੋਈ ਹੈ। ਬੀਤੇ ਦਿਨ ਇਸਤਾਂਬੁਲ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ਰੀਫ਼ ਨੇ ਤੁਰਕੀ ਦੇ ਰਾਸ਼ਟਰਪਤੀ ਰਜਬ ਤਈਬ ਅਰਦੋਆਂ ਨੂੰ ਦੁਵੱਲੀ ਭਾਈਵਾਲੀ ਹੋਰ ਮਜ਼ਬੂਤ ਕਰਨ ਲਈ ਇਸਲਾਮਾਬਾਦ ਦੀ ਵਚਨਬੱਧਤਾ ਦਾ ਭਰੋਸਾ ਦਿੱਤਾ ਜਦਕਿ ਅਰਦੋਆਂ ਨੇ ਰੱਖਿਆ ਸਹਿਯੋਗ ਨੂੰ ਦੋਵਾਂ ਦੇਸ਼ਾਂ ਦੇ ਆਰਥਿਕ ਸਬੰਧਾਂ ਦਾ ਆਧਾਰ ਦੱਸਿਆ।
ਸ਼ਰੀਫ਼ ਨੇ ਕਿਹਾ, ‘‘ਤੁਰਕੀ ਦੀ ਕਾਮਯਾਬੀ ਪਾਕਿਸਤਾਨ ਦੀ ਕਾਮਯਾਬੀ ਹੈ, ਪਾਕਿਸਤਾਨ ਦੀ ਤਰੱਕੀ ਤੁਰਕੀ ਦੀ ਤਰੱਕੀ ਹੈ।’’ ਇਸਲਾਮਾਬਾਦ ਅਤੇ ਅੰਕਾਰਾ ਆਰਥਿਕ ਸਬੰਧਾਂ ਨੂੰ ਹੁਲਾਰਾ ਦੇਣ ਲਈ ਸਹਿਮਤ ਹੋਏ ਅਤੇ ਦੁਵੱਲਾ ਵਪਾਰ 5 ਅਰਬ ਅਮਰੀਕੀ ਡਾਲਰ ਤੱਕ ਵਧਾਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਤੁਰਕੀ ਦੇ ਵਿਦੇਸ਼ ਮੰਤਰਾਲੇ ਅਨੁਸਾਰ 2024 ਤੱਕ ਦੋਵਾਂ ਦੇਸ਼ਾਂ ਵਿਚਾਲੇ ਦੁਵੱਲਾ ਵਪਾਰ ਤਕਰੀਬਨ 1.3 ਅਰਬ ਅਮਰੀਕੀ ਡਾਲਰ ਸੀ।
ਅਰਦੋਆਂ ਨੇ ਨਿਵੇਸ਼ਕਾਂ ਨੂੰ ਪਾਕਿਸਤਾਨ ਵਿੱਚ ਕਾਰੋਬਾਰੀ ਗਤੀਵਿਧੀਆਂ ਵਧਾਉਣ ਲਈ ਉਤਸ਼ਾਹਿਤ ਕੀਤਾ। ਤੁਰਕੀ ਦੇ ਰਾਸ਼ਟਰਪਤੀ ਨੇ ਬੀਤੇ ਦਿਨ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਰੱਖਿਆ ਉਦਯੋਗ ਵਿੱਚ ਸਾਡਾ ਸਹਿਯੋਗ, ਜੋ ਸਾਡੇ ਆਰਥਿਕ ਸਬੰਧਾਂ ਦੇ ਸਭ ਤੋਂ ਅਹਿਮ ਤੱਤਾਂ ਵਿੱਚੋਂ ਇੱਕ ਹੈ, ਨਵੇਂ ਪ੍ਰਾਜੈਕਟਾਂ ਦੇ ਨਾਲ ਦਿਨੋ-ਦਿਨ ਵਧ ਰਿਹਾ ਹੈ।’’ ਉਨ੍ਹਾਂ ਹੋਰ ਕਿਹਾ, ‘‘ਅਸੀਂ ਪਾਕਿਸਤਾਨ ਨਾਲ ਊਰਜਾ, ਆਵਾਜਾਈ, ਅਹਿਮ ਖਣਿਜਾਂ ਅਤੇ ਸੂਚਨਾ ਤਕਨਾਲੋਜੀ ਦੇ ਖੇਤਰਾਂ ਵਿੱਚ ਆਪਣੇ ਸਹਿਯੋਗ ਨੂੰ ਹੋਰ ਡੂੰਘਾ ਕਰਨਾ ਚਾਹੁੰਦੇ ਹਾਂ।’’
