ਨਿਊ ਯਾਰਕ, 4 ਜੂਨ
ਕਰਨਾਟਕ ਚੋਣਾਂ ਵਿੱਚ ਮਿਲੀ ਸ਼ਾਨਦਾਰ ਜਿੱਤ ਤੋਂ ਬਾਗੋ-ਬਾਗ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਤਿਲੰਗਾਨਾ ਅਤੇ ਹੋਰ ਰਾਜਾਂ ਦੀਆਂ ਅਸੈਂਬਲੀ ਚੋਣਾਂ ਵਿੱਚ ਵੀ ਭਾਜਪਾ ਨੂੰ ‘ਹਰਾਏਗੀ’। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਪਾਰਟੀ ਨਹੀਂ ਬਲਕਿ ਭਾਰਤ ਦੇ ਲੋਕ ਭਾਜਪਾ ਦੀ ਇਸ ਨਫ਼ਰਤ ਭਰੀ ਵਿਚਾਰਧਾਰਾ ਨੂੰ ਹਰਾਉਣਗੇ। ਗਾਂਧੀ ਵਾਸ਼ਿੰਗਟਨ ਅਤੇ ਸਾਂ ਫਰਾਂਸਿਸਕੋ ਦਾ ਦੌਰਾ ਕਰਨ ਤੋਂ ਬਾਅਦ ਨਿਊਯਾਰਕ ਪਹੁੰਚੇ ਹਨ ਅਤੇ ਐਤਵਾਰ ਨੂੰ ਮੈਨਹਟਨ ਦੇ ਜੈਵਿਟਸ ਸੈਂਟਰ ਵਿਚ ਰੈਲੀ ਨੂੰ ਸੰਬੋਧਨ ਕਰਨਗੇ। ਗਾਂਧੀ ਨੇ ਸ਼ਨੀਵਾਰ ਨੂੰ ਇੱਥੇ ਇੰਡੀਅਨ ਓਵਰਸੀਜ਼ ਕਾਂਗਰਸ-ਯੂਐਸਏ ਵੱਲੋਂ ਦਿੱਤੀ ਰਾਤ ਦੀ ਦਾਅਵਤ ਮੌਕੇ ਕਿਹਾ, ”ਅਸੀਂ ਕਰਨਾਟਕ ਵਿੱਚ ਦਿਖਾਇਆ ਹੈ ਕਿ ਅਸੀਂ ਭਾਜਪਾ ਨੂੰ ਖਤਮ ਕਰ ਸਕਦੇ ਹਾਂ…ਅਸੀਂ ਉਨ੍ਹਾਂ ਨੂੰ ਨਹੀਂ ਹਰਾਇਆ, ਅਸੀਂ ਉਨ੍ਹਾਂ ਨੂੰ ਖਤਮ ਕੀਤਾ। ਅਸੀਂ ਕਰਨਾਟਕ ਵਿੱਚ ਉਨ੍ਹਾਂ ਨੂੰ ਤੋੜ ਦਿੱਤਾ।” -ਪੀਟੀਆਈ