ਪਾਕਿ ਸੁਰੱਖਿਆ ਬਲਾਂ ਹੱਥੋਂ ਨੌਂ ਅਤਿਵਾਦੀ ਹਲਾਕ
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਸੁਰੱਖਿਆ ਬਲਾਂ ਨੇ ਦੋ ਵੱਖ-ਵੱਖ ਕਾਰਵਾਈਆਂ ’ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਨੌਂ ਅਤਿਵਾਦੀ ਮਾਰ ਮੁਕਾਏ। ਪਾਕਿਸਤਾਨੀ ਸੈਨਾ ਦੀ ਮੀਡੀਆ ਸ਼ਾਖਾ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ ਐੱਸ ਪੀ ਆਰ) ਨੇ ਦੱਸਿਆ ਕਿ ਇਹ ਮੁਹਿੰਮਾਂ ਖੈਬਰ, ਟਾਂਕ ਅਤੇ ਲੱਕੀ ਮਰਵਾਤ ਜ਼ਿਲ੍ਹਿਆਂ ’ਚ ਚਲਾਈਆਂ ਗਈਆਂ ਸਨ। ਟਾਂਕ ’ਚ ਸੱਤ ਅਤੇ ਲੱਕੀ ਮਰਵਾਤ ’ਚ ਦੋ ਅਤਿਵਾਦੀ ਮਾਰੇ ਗਏ। ਇਸੇ ਦੌਰਾਨ ਪੰਜਾਬ ਸੂਬੇ ’ਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 24 ਅਤਿਵਾਦੀ ਗ੍ਰਿਫ਼ਤਾਰ ਕੀਤੇ ਹਨ ਜਿਨ੍ਹਾਂ ’ਚੋਂ ਜ਼ਿਆਦਾਤਰ ਟੀ ਟੀ ਪੀ ਨਾਲ ਜੁੜੇ ਹੋਏ ਹਨ। ਉੱਧਰ, ਪਾਕਿਸਤਾਨੀ ਤੇ ਅਫ਼ਗਾਨ ਬਲਾਂ ਵਿਚਕਾਰ ਚਮਨ ਸਰਹੱਦ ’ਤੇ ਗੋਲੀਬਾਰੀ ਹੋਣ ਦੀ ਸੂਚਨਾ ਹੈ। ਮੀਡੀਆ ਰਿਪੋਰਟ ਅਨੁਸਾਰ ਜ਼ਿਲ੍ਹਾ ਹਸਪਤਾਲ ’ਚ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਹੈ ਪਰ ਗੋਲੀਬਾਰੀ ’ਚ ਕਿਸੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਹੈ। ਦੋਵੇਂ ਧਿਰਾਂ ਨੇ ਇੱਕ-ਦੂਜੇ ’ਤੇ ਬਲੋਚਿਸਤਾਨ ਸੂਬੇ ਨਾਲ ਲੱਗੀ ਸਰਹੱਦ ’ਤੇ ਗੋਲੀਬਾਰੀ ਦਾ ਦੋਸ਼ ਲਾਇਆ ਹੈ।
