New Zealand: ਬੱਚਿਆਂ ਵੱਲੋਂ Social Media ਦੀ ਵਰਤੋਂ ’ਤੇ Ban ਸਬੰਧੀ Bill ਪੇਸ਼
ਬਿੱਲ ਨੂੰ ਕਾਨੂੰਨ ’ਚ ਬਦਲਣ ਲੲੀ ਫਿਲਹਾਲ ਲੋਡ਼ੀਂਦੀ ਹਮਾਇਤ ਨਹੀਂ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ’ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਦੀ ਤਜਵੀਜ਼ ਪੇਸ਼ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਮੰਚਾਂ ਨਾਲ ਨੌਜਵਾਨਾਂ ਦੀ ਪੂਰੀ ਪੀੜ੍ਹੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਬਿੱਲ ਨੂੰ ਹਾਲਾਂਕਿ ਕਾਨੂੰਨ ਬਣਾਉਣ ਲਈ ਲੋੜੀਂਦੀ ਹਮਾਇਤ ਪ੍ਰਾਪਤ ਨਹੀਂ ਹੋਈ ਹੈ, ਕਿਉਂਕਿ ਲਕਸਨ ਦੀ ਗੱਠਜੋੜ ਸਰਕਾਰ ’ਚ ਸ਼ਾਮਲ ਤਿੰਨ ਪਾਰਟੀਆਂ ’ਚੋਂ ਦੋ ਨੇ ਇਸ ਖ਼ਿਲਾਫ਼ ਵੋਟ ਪਾਉਣ ਦੀ ਗੱਲ ਕਹੀ ਹੈ। ਇਹ ਬਿੱਲ ਪਾਸ ਕਰਾਉਣ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਹਮਾਇਤ ਦੀ ਲੋੜ ਪਵੇਗੀ। ਉਨ੍ਹਾਂ ਹਾਲੇ ਇਹ ਤੈਅ ਨਹੀਂ ਕੀਤਾ ਹੈ ਕਿ ਉਹ ਇਸ ਦੇ ਪੱਖ ’ਚ ਵੋਟ ਪਾਉਣਗੇ ਜਾਂ ਨਹੀਂ। ਲਕਸਨ ਨੇ ਕਿਹਾ ਕਿ ਨਵੰਬਰ ’ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ 1 ਅਕਤੂਬਰ ਨੂੰ ਸੰਸਦ ਭੰਗ ਹੋਣੀ ਹੈ ਅਤੇ ਉਸ ਤੋਂ ਪਹਿਲਾਂ ਸੰਸਦ ਮੈਂਬਰਾਂ ਕੋਲ ਇਸ ਮਤੇ ’ਤੇ ਵੋਟਿੰਗ ਲਈ ਲੋੜੀਂਦਾ ਸਮਾਂ ਵੀ ਨਹੀਂ ਹੈ। ਕਿਸੇ ਬਿੱਲ ਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਆਮ ਤੌਰ ’ਤੇ ਕਈ ਮਹੀਨਿਆਂ ਦੀ ਮਿਆਦ ’ਚ ਤਿੰਨ ਗੇੜ ਦੀ ਵੋਟਿੰਗ ’ਚੋਂ ਲੰਘਣਾ ਪੈਂਦਾ ਹੈ। ਲਕਸਨ ਜੇ ਮੁੜ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਲਈ ਉਮਰ ਸਬੰਧੀ ਪਾਬੰਦੀ ਲਾਗੂ ਕਰਨ ਵਾਲੇ ਦੇਸ਼ਾਂ ਦੀ ਸੂਚੀ ’ਚ ਸ਼ਾਮਲ ਹੋਣਾ ਚਾਹੇਗੀ। ਦੁਨੀਆ ਦੇ ਕਈ ਦੇਸ਼ ਅਜਿਹੇ ਨਿਯਮ ਲਾਗੂ ਕਰ ਚੁੱਕੇ ਹਨ ਜਾਂ ਉਨ੍ਹਾਂ ’ਤੇ ਵਿਚਾਰ ਕਰ ਰਹੇ ਹਨ। ਲਕਸਨ ਨੇ ਕਿਹਾ ਕਿ 2025 ਦੇ ਅਧਿਐਨ ਅਨੁਸਾਰ ਨਿਊਜ਼ੀਲੈਂਡ ’ਚ ਇੱਕ ਤਿਹਾਈ ਤੋਂ ਵੱਧ ਨਾਬਾਲਗ ਰੋਜ਼ਾਨਾ ਘੱਟੋ-ਘੱਟ ਪੰਜ ਘੰਟੇ ਸੋਸ਼ਲ ਮੀਡੀਆ ’ਤੇ ਬਿਤਾਉਂਦੇ ਹਨ।

