Nepal Floods: ਨੇਪਾਲ ਵਿੱਚ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,003 ਹੋਈ; ਲਗਪਗ 4,000 ਲੋਕ ਹੁਣ ਵੀ ਲਾਪਤਾ
ਕਰੀਬ 12,000 ਲੋਕਾਂ ਨੂੰ ਬਚਾਇਆ ਗਿਆ
ਨੇਪਾਲ ਵਿੱਚ ਅੱਠ ਜ਼ਿਲ੍ਹਿਆਂ ਤੋਂ ਹੋਰ ਲਾਸ਼ਾਂ ਮਿਲਣ ਤੋਂ ਬਾਅਦ ਭਿਆਨਕ ਹੜ੍ਹਾਂ ਕਰਕੇ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਮੰਗਲਵਾਰ ਨੂੰ 1,003 ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਕੌਮੀ ਆਫ਼ਤ ਜੋਖਮ ਘਟਾਉਣ ਅਤੇ ਪ੍ਰਬੰਧਨ ਅਥਾਰਟੀ (ਐੱਨ ਡੀ ਆਰ ਐੱਮ ਏ) ਨੇ ਦੱਸਿਆ ਕਿ ਲਗਪਗ 4,000 ਲੋਕ ਹੁਣ ਵੀ ਲਾਪਤਾ ਹਨ, ਜਦੋਂ ਕਿ ਕਰੀਬ 12,000 ਲੋਕਾਂ ਨੂੰ ਬਚਾਇਆ ਗਿਆ ਹੈ।
ਬੀਤੀ 26 ਅਗਸਤ ਨੂੰ ਨੇਪਾਲ-ਤਿਬਤ ਸਰਹੱਦ ਕੋਲ ਬਰਫ਼ ਦੀਆਂ ਚੱਟਾਨਾਂ ਡਿੱਗਣ ਕਰਕੇ ਅਚਾਨਕ ਹੜ੍ਹ ਆ ਗਿਆ ਸੀ, ਜਿਸ ਨਾਲ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਅਤੇ ਪਿੰਡਾਂ ਵਿੱਚ ਭਾਰੀ ਤਬਾਹੀ ਹੋਈ। ਹਿਮਾਲੀਅਨ ਸਰਹੱਦੀ ਇਲਾਕੇ ਤੋਂ ਦੱਖਣ ਵੱਲ ਵਗਣ ਵਾਲੀ ਭੋਟੇਕੋਸ਼ੀ ਨਦੀ ਰਾਹੀਂ ਹੜ੍ਹ ਦਾ ਪਾਣੀ ਤੇਜ਼ੀ ਨਾਲ ਹੇਠਾਂ ਵੱਲ ਆਇਆ, ਜਿਸ ਨਾਲ ਘਰ, ਗੱਡੀਆਂ, ਸੜਕਾਂ ਅਤੇ ਪੁਲ ਤਬਾਹ ਹੋ ਗਏ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਨੁਕਸਾਨ ਪਹੁੰਚਿਆ।
ਐੱਨ ਡੀ ਆਰ ਐੱਮ ਏ ਦੇ ਅਨੁਸਾਰ, ਚਿਤਵਾਨ ਜ਼ਿਲ੍ਹੇ ਵਿੱਚ ਸਭ ਤੋਂ ਵੱਧ 321 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਬਾਅਦ, ਨਵਲਪਰਾਸੀ ਪੂਰਬ ਵਿੱਚ 216, ਨਵਲਪਰਾਸੀ ਪੱਛਮ ਵਿੱਚ 170, ਨੁਵਾਕੋਟ ਵਿੱਚ 95, ਗੋਰਖਾ ਵਿੱਚ 65, ਧਾਡਿੰਗ ਵਿੱਚ 57, ਰਸੁਵਾ ਵਿੱਚ 41 ਅਤੇ ਤਾਨਾਹੁਨ ਵਿੱਚ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ।

