ਨੇਪਾਲ ਵਿੱਚ ਐਤਵਾਰ ਨੂੰ ਆਏ ਹੜ੍ਹ ਵਿੱਚ ਕਈ ਘਰ ਤੇ ਪੁਲ ਰੁੜ੍ਹ ਗਏ। ਨੇਪਾਲੀ ਅਧਿਕਾਰੀਆਂ ਵੱਲੋਂ ਪੰਜ ਲਾਪਤਾ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਦਕਿ ਗੋਰਖਾ ਜ਼ਿਲ੍ਹੇ ਦੇ ਹੜ੍ਹ-ਪ੍ਰਭਾਵਿਤ ਇਲਾਕਿਆਂ ਵਿੱਚੋਂ 13 ਹੋਰ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਫ਼ੌਜ ਨੇ ਖੋਜ ਅਤੇ ਬਚਾਅ ਕਾਰਜਾਂ ਦੌਰਾਨ ਚੁਮਨੁਬਰੀ ਪੇਂਡੂ ਨਗਰਪਾਲਿਕਾ ਦੇ ਖੇਤਰਾਂ ਵਿੱਚੋਂ ਕੁੱਲ 95 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਐਤਵਾਰ ਸ਼ਾਮੀਂ ਗੋਰਖਾ ਜ਼ਿਲ੍ਹੇ ਦੀ ਚੁਮਨੁਬਰੀ ਪੇਂਡੂ ਨਗਰਪਾਲਿਕਾ-6 ਵਿੱਚ ਉਂਗੀਲੁੰਗ ਨਦੀ ਨੇੜੇ ਧੌਲੀਭੀਰ ਵਿੱਚ ਫਸੇ ਤਿੰਨ ਲੋਕਾਂ ਨੂੰ ਫ਼ੌਜ ਦੇ ਹੈਲੀਕਾਪਟਰ ਰਾਹੀਂ ਬਚਾਇਆ ਗਿਆ।
ਨਗਰਪਾਲਿਕਾ ਦੇ ਮੁੱਖ ਪ੍ਰਸ਼ਾਸਕੀ ਅਧਿਕਾਰੀ ਨਰਾਇਣ ਸਪਕੋਟਾ ਨੇ ਦੱਸਿਆ ਕਿ ਕੁਝ ਲੋਕ ਐਤਵਾਰ ਨੂੰ ਪਹਿਲਾਂ ਉਂਗੀਲੁੰਗ ਵਿਖੇ ਜ਼ਮੀਨ ਖਿਸਕਣ ਵਾਲੀ ਥਾਂ ਨੇੜੇ ਧੌਲੀਭੀਰ ’ਚ ਫਸ ਗਏ ਸਨ। ‘ਦਿ ਰਾਈਜ਼ਿੰਗ ਨੇਪਾਲ’ ਅਖ਼ਬਾਰ ਦੀ ਰਿਪੋਰਟ ਅਨੁਸਾਰ, ਐਤਵਾਰ ਸ਼ਾਮ ਤੱਕ ਚਾਰ ਹੈਲੀਕਾਪਟਰਾਂ (ਜਿਨ੍ਹਾਂ ਵਿੱਚ ਇੱਕ ਐੱਮ ਆਈ-17 ਵੀ ਸ਼ਾਮਲ ਸੀ) ਅਤੇ ਜ਼ਮੀਨੀ ਬਚਾਅ ਟੀਮਾਂ ਦੀ ਮਦਦ ਨਾਲ 95 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ। ਬਚਾਏ ਗਏ ਲੋਕਾਂ ਵਿੱਚੋਂ 17 ਜਗਤ ਤੋਂ, 22 ਯਾਰੂ ਤੋਂ, 13 ਥੁਲੋਧੁੰਗਾ ਤੋਂ, ਤਿੰਨ ਡੋਭਾਨ ਤੋਂ, ਦੋ ਫਿਲਿਮ ਤੋਂ, 17 ਨਿਆਕਫੇਡੀ ਤੋਂ, 12 ਪਾਯੂ ਤੋਂ ਅਤੇ ਤਿੰਨ-ਤਿੰਨ ਨਾਮਰੁੰਗ, ਡੇਂਗ ਅਤੇ ਧੌਲੀ ਤੋਂ ਸਨ। ਐਤਵਾਰ ਨੂੰ ਬੁੱਢੀ ਗੰਡਕੀ ਨਦੀ ਵਿੱਚ ਆਏ ਹੜ੍ਹ ਦੀ ਘਟਨਾ 26 ਅਗਸਤ ਨੂੰ ਭੋਟੇਕੋਸ਼ੀ ਵਿੱਚ ਵਾਪਰੀ ਤਬਾਹੀ ਤੋਂ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ ਵਾਪਰੀ ਹੈ। ਉਦੋਂ ਪਾਣੀ ਅਤੇ ਮਲਬੇ ਦੇ ਅਚਾਨਕ ਵਹਾਅ ਨੇ ਰਸੁਵਾ ਅਤੇ ਸਿੰਧੂਪਾਲਚੋਕ ਦੇ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ। ਇਸ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲਾਪਤਾ ਹੋ ਗਏ ਸਨ।

