ਨੇਪਾਲ ਚੋਣਾਂ: ਬਾਲੇਂਦਰ, ਥਾਪਾ ਤੇ ਓਲੀ ਦਰਮਿਆਨ ਮੁਕਾਬਲਾ
ਜੈੱਨ ਜ਼ੀ ਦੇ ਮੁਜ਼ਾਹਰਿਆਂ ਮਗਰੋਂ 5 ਨੂੰ ਹੋਣਗੀਆਂ ਦੇਸ਼ ਪੱਧਰੀ ਚੋਣਾਂ
ਨੇਪਾਲ ਵਿੱਚ ਪੰਜ ਮਾਰਚ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿੰਨ ਮੁੱਖ ਦਾਅਵੇਦਾਰ ਮੈਦਾਨ ਵਿੱਚ ਹਨ ਜਿਨ੍ਹਾਂ ’ਚ ਕਾਠਮੰਡੂ ਦੇ ਸਾਬਕਾ ਮੇਅਰ ਬਾਲੇਂਦਰ ਸ਼ਾਹ, ਨੇਪਾਲੀ ਕਾਂਗਰਸ ਦੇ ਨੌਜਵਾਨ ਆਗੂ ਗਗਨ ਥਾਪਾ ਅਤੇ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਸ਼ਾਮਲ ਹਨ।
ਇਹ ਚੋਣਾਂ ਪਿਛਲੇ ਸਾਲ ਹੋਏ ‘ਜੈੱਨ ਜ਼ੀ’ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਕੇ ਪੀ ਸ਼ਰਮਾ ਓਲੀ ਦੇ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਕਰਵਾਈਆਂ ਜਾ ਰਹੀਆਂ ਹਨ। ਇਸ ਵਾਰ ਚੋਣਾਂ ਜਿੱਤਣ ਵਾਲਾ ਉਮੀਦਵਾਰ ਦੇਸ਼ ਦਾ 16ਵਾਂ ਪ੍ਰਧਾਨ ਮੰਤਰੀ ਬਣੇਗਾ, ਜੋ ਸਾਲ 2008 ਵਿੱਚ ਰਾਜਸ਼ਾਹੀ ਖ਼ਤਮ ਹੋਣ ਤੋਂ ਬਾਅਦ ਨੇਪਾਲ ਵਿੱਚ ਲਗਾਤਾਰ ਜਾਰੀ ਸਿਆਸੀ ਅਸਥਿਰਤਾ ਨੂੰ ਸਾਫ਼ ਤੌਰ ’ਤੇ ਦਰਸਾਉਂਦਾ ਹੈ। ਪਿਛਲੇ ਸਾਲ ਹੋਏ ਰੋਸ ਪ੍ਰਦਰਸ਼ਨਾਂ ਨੇ ਦੇਸ਼ ਵਿੱਚ ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਪੈਦਾ ਹੋਏ ਰੋਹ ਨੂੰ ਜਗ-ਜ਼ਾਹਿਰ ਕੀਤਾ ਸੀ। ਇਹ ਚੋਣਾਂ ਸੰਸਦ ਦੇ ਹੇਠਲੇ ਸਦਨ ਪ੍ਰਤੀਨਿਧੀ ਸਭਾ ਦੇ ਮੈਂਬਰਾਂ ਦੀ ਚੋਣ ਲਈ ਵੀ ਅਹਿਮ ਹਨ ਜਿਸ ਵਿੱਚ ਬਾਲੇਂਦਰ ਸ਼ਾਹ, ਜਿਨ੍ਹਾਂ ਨੂੰ ‘ਬਾਲੇਨ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਬੇਹੱਦ ਮਕਬੂਲ ਆਗੂ ਵਜੋਂ ਉਭਰੇ ਹਨ ਅਤੇ ਉਹ 2022 ਵਿੱਚ ਕਾਠਮੰਡੂ ਦੇ ਮੇਅਰ ਵੀ ਰਹਿ ਚੁੱਕੇ ਹਨ। ਦੂਜੇ ਪਾਸੇ ਗਗਨ ਥਾਪਾ ਨੇਪਾਲੀ ਕਾਂਗਰਸ ਦੇ ਨੌਜਵਾਨ ਚਿਹਰੇ ਵਜੋਂ ਦਾਅਵੇਦਾਰੀ ਪੇਸ਼ ਕਰ ਰਹੇ ਹਨ, ਜਿਨ੍ਹਾਂ ਦੀ ਪਾਰਟੀ ਦੇ ਭਾਰਤ ਨਾਲ ਬਹੁਤ ਗੂੜ੍ਹੇ ਸਬੰਧ ਮੰਨੇ ਜਾਂਦੇ ਹਨ। ਕੇ ਪੀ ਸ਼ਰਮਾ ਓਲੀ ਵਿਵਾਦਤ ਪਰ ਪ੍ਰਭਾਵਸ਼ਾਲੀ ਕਮਿਊਨਿਸਟ ਆਗੂ ਵਜੋਂ ਤੀਜੇ ਵੱਡੇ ਉਮੀਦਵਾਰ ਹਨ।

