ਮਿਆਂਮਾਰ ’ਚ ਤਿੰਨ ਗੇੜਾਂ ’ਚ ਚੋਣਾਂ ਕਰਾਉਣ ਦਾ ਐਲਾਨ
ਚੋਣ ਅਮਲ 28 ਦਸੰਬਰ ਤੋਂ ਸ਼ੁਰੂ ਹੋ ਕੇ ਜਨਵਰੀ ਮਹੀਨੇ ਵਿੱਚ ਹੋਵੇਗਾ ਮੁਕੰਮਲ
ਮਿਆਂਮਾਰ ਦੇ ਫ਼ੌਜੀ ਸ਼ਾਸਨ ਨੇ ਮੁਲਕ ਵਿੱਚ ਤਿੰਨ ਗੇੜਾਂ ਵਿੱਚ ਚੋਣਾਂ ਕਰਾਉਣ ਦਾ ਐਲਾਨ ਕੀਤਾ ਹੈ। ਚੋਣਾਂ 28 ਦਸੰਬਰ ਤੋਂ ਸ਼ੁਰੂ ਹੋਣਗੀਆਂ ਅਤੇ ਜਨਵਰੀ ਵਿੱਚ ਖ਼ਤਮ ਹੋਣਗੀਆਂ। ਇਹ ਫ਼ੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ 2021 ਵਿੱਚ ਫ਼ੌਜ ਵੱਲੋਂ ਸੱਤਾ ’ਤੇ ਕਾਬਜ਼ ਹੋਣ ਬਾਅਦ ਦੇਸ਼ ਵਿੱਚ ਲਗਾਤਾਰ ਸੰਘਰਸ਼ ਅਤੇ ਗ੍ਰਹਿ ਯੁੱਧ ਵਰਗੀ ਸਥਿਤੀ ਬਣੀ ਹੋਈ ਹੈ। ਆਲੋਚਕ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਹ ਚੋਣਾਂ ਮਹਿਜ਼ ਦਿਖਾਵਾ ਹੋਣਗੀਆਂ, ਜਿਨ੍ਹਾਂ ਦਾ ਉਦੇਸ਼ ਫ਼ੌਜ ਦੇ ਸੱਤਾ ’ਤੇ ਕਬਜ਼ੇ ਨੂੰ ਜਾਇਜ਼ ਠਹਿਰਾਉਣਾ ਹੈ। ਚੋਣ ਕਮਿਸ਼ਨ ਨੇ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਚੋਣਾਂ ਕਈ ਪੜਾਵਾਂ ਵਿੱਚ ਕਰਵਾਈਆਂ ਜਾਣਗੀਆਂ।
ਕਮਿਸ਼ਨ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਮੁਲਕ ਦੇ ਸਾਰੇ 330 ਸ਼ਹਿਰਾਂ ਨੂੰ ਚੋਣ ਖੇਤਰ ਬਣਾਇਆ ਗਿਆ ਹੈ। ਸਰਕਾਰ ’ਤੇ ਫੌਜ ਦਾ ਕਬਜ਼ਾ ਹੈ ਅਤੇ ਫੌਜ ਦੇ ਹਵਾਈ ਅਤੇ ਡਰੋਨ ਹਮਲੇ ਵਿਰੋਧ ਦਬਾਉਣ ਵਿੱਚ ਨਾਕਾਮ ਰਹੇ ਹਨ। ਵੱਡੇ ਇਲਾਕੇ ਵਿੱਚ ਵਿਰੋਧ ਹੋ ਰਿਹਾ ਹੈ ਜਿਸ ਕਾਰਨ ਚੋਣਾਂ ਮੁਲਕ ਦੇ 330 ਚੋਣ ਖੇਤਰਾਂ ਵਿੱਚੋਂ ਸਿਰਫ 274 ਤਕ ਹੀ ਸੀਮਿਤ ਰਹਿ ਗਈਆਂ ਹਨ।
ਫੌਜੀ ਚੋਣ ਕਮਿਸ਼ਨ ਨੇ ਜ਼ਿਆਦਾਤਰ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ, ਕਿਉਂਕਿ ਉਹ ਉਸ ਵੱਲੋਂ ਤੈਅ ਸ਼ਰਤਾਂ ਪੂਰੀਆਂ ਨਹੀਂ ਕਰ ਸਕੀਆਂ। ਹੁਣ ਤੱਕ ਕਰੀਬ 60 ਸਿਆਸੀ ਪਾਰਟੀਆਂ ਰਜਿਸਟਰਡ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਫ਼ੌਜ ਦੇ ਸਮਰਥਨ ਵਾਲੀ ਯੂਨੀਅਨ ਸੌਲੀਡੈਰਿਟੀ ਐਂਡ ਡਿਵੈਲਪਮੈਂਟ ਪਾਰਟੀ ਵੀ ਸ਼ਾਮਲ ਹੈ। ਉਧਰ, ਕਈ ਵਿਰੋਧੀ ਸੰਗਠਨਾਂ ਅਤੇ ਹਥਿਆਰਬੰਦ ਗੁਟਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਚੋਣ ਨੂੰ ਅਸਫਲ ਕਰਨ ਦੀ ਕੋਸ਼ਿਸ਼ ਕਰਨਗੇ। ਸਾਲ 2020 ਵਿੱਚ ਹੋਈਆਂ ਆਮ ਚੋਣਾਂ ਵਿੱਚ ਆਂਗ ਸਾਨ ਸੂ ਕੀ ਦੀ ਨੈਸ਼ਨਲ ਲੀਗ ਫਾਰ ਡੈਮੋਕ੍ਰੇਸੀ (ਐੱਨਐੱਲਡੀ) ਨੇ ਵੱਡੀ ਜਿੱਤ ਦਰਜ ਕੀਤੀ ਸੀ ਪਰ ਫ਼ੌਜ ਨੇ ਫਰਵਰੀ 2021 ਵਿੱਚ ਸੱਤਾ ਪਲਟ ਦਿੱਤੀ ਅਤੇ ਸੂ ਕੀ ਦੀ ਸਰਕਾਰ ਹਟਾ ਦਿੱਤੀ।

