ਸਿਡਨੀ, 24 ਮਈ
ਮੁੱਖ ਅੰਸ਼
- ਤਿੰਨ ਦੇਸ਼ਾਂ ਦੇ ਦੌਰੇ ਮਗਰੋਂ ਪ੍ਰਧਾਨ ਮੰਤਰੀ ਭਾਰਤ ਲਈ ਰਵਾਨਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਆਸਟਰੇਲਿਆਈ ਹਮਰੁਤਬਾ ਐਂਥਨੀ ਐਲਬਨੀਜ਼ ਨੇ ਅੱਜ ਇੱਥੇ ਦੁਵੱਲੀ ਮੀਟਿੰਗ ਕੀਤੀ। ਮੋਦੀ ਨੇ ਇਸ ਮੌਕੇ ਹਾਲ ਹੀ ਵਿਚ ਆਸਟਰੇਲੀਆ ‘ਚ ਮੰਦਰਾਂ ਉਤੇ ਹੋਏ ਹਮਲਿਆਂ ਬਾਰੇ ਭਾਰਤ ਵੱਲੋਂ ਫ਼ਿਕਰ ਜ਼ਾਹਿਰ ਕੀਤਾ। ਉਨ੍ਹਾਂ ਆਸਟਰੇਲੀਆ ਵਿਚ ਖਾਲਿਸਤਾਨ-ਪੱਖੀ ਗਤੀਵਿਧੀਆਂ ਦਾ ਮਾਮਲਾ ਵੀ ਉਠਾਇਆ। ਮੋਦੀ ਨੇ ਕਿਹਾ ਕਿ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਅਜਿਹੀਆਂ ਗਤੀਵਿਧੀਆਂ ਖ਼ਿਲਾਫ਼ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ। ਐਂਥਨੀ ਐਲਬਨੀਜ਼ ਨਾਲ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਵੱਖਵਾਦੀ ਤੱਤਾਂ ਦੀਆਂ ਗਤੀਵਿਧੀਆਂ ਤੇ ਮੰਦਰਾਂ ਉਤੇ ਹਮਲੇ ਬਾਰੇ ਉਹ ਪਹਿਲਾਂ ਵੀ ਆਪਣੇ ਹਮਰੁਤਬਾ (ਐਂਥਨੀ) ਨਾਲ ਗੱਲਬਾਤ ਕਰ ਚੁੱਕੇ ਹਨ, ਤੇ ਅੱਜ ਵੀ ਚਰਚਾ ਹੋਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਵੀ ਤੱਤ ਭਾਰਤ ਤੇ ਆਸਟਰੇਲੀਆ ਦੇ ਸੁਖਾਵੇਂ ਰਿਸ਼ਤਿਆਂ ਨੂੰ ਆਪਣੇ ਵਿਚਾਰਾਂ ਜਾਂ ਕਾਰਵਾਈਆਂ ਰਾਹੀਂ ਖ਼ਰਾਬ ਕਰੇ। ਅੱਜ ਹੋਈ ਮੀਟਿੰਗ ਦੌਰਾਨ ਐਲਬਨੀਜ਼ ਤੇ ਮੋਦੀ ਨੇ ਪ੍ਰਵਾਸ ਤੇ ਆਵਾਜਾਈ ਸਬੰਧੀ ਇਕ ਸਮਝੌਤੇ ਨੂੰ ਅੰਤਿਮ ਛੋਹਾਂ ਦਿੱਤੇ ਜਾਣ ਬਾਰੇ ਐਲਾਨ ਕੀਤਾ। ਇਹ ਸਮਝੌਤਾ ਵਿਦਿਆਰਥੀਆਂ, ਅਕਾਦਮਿਕ ਖੋਜੀਆਂ ਤੇ ਕਾਰੋਬਾਰੀ ਲੋਕਾਂ ਦੀ ਦੁਵੱਲੀ ਆਵਾਜਾਈ ਨੂੰ ਉਤਸ਼ਾਹਿਤ ਕਰਨ ਵੱਲ ਸੇਧਤ ਹੈ। ਇਸ ਤੋਂ ਇਲਾਵਾ ਵਿਆਪਕ ਆਰਥਿਕ ਸਹਿਯੋਗ ਸਮਝੌਤੇ ਨੂੰ ਸਿਰੇ ਚੜ੍ਹਾਉਣ ਬਾਰੇ ਵੀ ਗੱਲਬਾਤ ਹੋਈ। ਐਲਬਨੀਜ਼ ਨੇ ਮੀਟਿੰਗ ਤੋਂ ਬਾਅਦ ਬੰਗਲੁਰੂ ਵਿਚ ਨਵਾਂ ਦੂਤਾਵਾਸ ਖੋਲ੍ਹਣ ਦਾ ਐਲਾਨ ਵੀ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਕ੍ਰਿਕਟ ਦੀ ਉਦਾਹਰਨ ਵਰਤਦਿਆਂ ਕਿਹਾ ਕਿ ਭਾਰਤ-ਆਸਟਰੇਲੀਆ ਦੇ ਤੇਜ਼ੀ ਨਾਲ ਅੱਗੇ ਵੱਧ ਰਹੇ ਰਿਸ਼ਤੇ ਹੁਣ ‘ਟੀ-20 ਮੋਡ’ ਵਿਚ ਦਾਖਲ ਹੋ ਗਏ ਹਨ। ਮੋਦੀ ਨੇ ਇਸ ਮੌਕੇ ਆਸਟਰੇਲੀਆ ਦੇ ਗਵਰਨਰ ਜਨਰਲ ਡੇਵਿਡ ਹਰਲੇ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੌਕੇ ਐਲਬਨੀਜ਼ ਤੇ ਆਸਟਰੇਲੀਆ ਦੇ ਕ੍ਰਿਕਟ ਪ੍ਰੇਮੀਆਂ ਨੂੰ ਭਾਰਤ ਵਿਚ ਇਸੇ ਸਾਲ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਨੂੰ ਦੇਖਣ ਦਾ ਸੱਦਾ ਵੀ ਦਿੱਤਾ। ਇਸ ਤੋਂ ਪਹਿਲਾਂ ਮੋਦੀ ਨੇ ਅੱਜ ਆਸਟਰੇਲੀਆ ਵਿਚ ਵਿਰੋਧੀ ਧਿਰ ਦੇ ਆਗੂ ਪੀਟਰ ਡੱਟਨ ਨਾਲ ਵੀ ਮੁਲਾਕਾਤ ਕੀਤੀ। -ਪੀਟੀਆਈ
ਆਸਟਰੇਲਿਆਈ ਕਾਰੋਬਾਰੀਆਂ ਨੂੰ ਨਵਿੇਸ਼ ਦਾ ਸੱਦਾ
ਸਿਡਨੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੇਲੀਆ ਦੇ ਕਾਰੋਬਾਰਾਂ ਨੂੰ ਭਾਰਤ ਵਿਚ ਨਵਿੇਸ਼ ਦੇ ਮੌਕਿਆਂ ਦਾ ਲਾਭ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਉਹ ਡਿਜੀਟਲ, ਟੈਲੀਕਾਮ ਤੇ ਸੈਮੀਕੰਡਕਟਰ ਖੇਤਰ ਵਿਚ ਨਵਿੇਸ਼ ਕਰ ਸਕਦੇ ਹਨ। ਉਨ੍ਹਾਂ ਆਸਟਰੇਲੀਆ ਦੇ ਸੀਈਓਜ਼ ਨੂੰ ਭਾਰਤੀ ਕਾਰੋਬਾਰੀ ਆਗੂਆਂ ਨਾਲ ਤਾਲਮੇਲ ਕਰਨ ਦਾ ਸੁਝਾਅ ਦਿੱਤਾ। ਪ੍ਰਧਾਨ ਮੰਤਰੀ ਅੱਜ ਇੱਥੇ ਕਾਰੋਬਾਰੀ ਅਧਿਕਾਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਇਸ ਮੌਕੇ ਆਪਣੀ ਸਰਕਾਰ ਵੱਲੋਂ ਕੀਤੇ ਗਏ ਵਿੱਤੀ ਸੁਧਾਰਾਂ ਦਾ ਵੀ ਜ਼ਿਕਰ ਕੀਤਾ। -ਪੀਟੀਆਈ
ਜੈਸ਼ੰਕਰ ਵੱਲੋਂ ਆਸਟਰੇਲਿਆਈ ਹਮਰੁਤਬਾ ਨਾਲ ਮੁਲਾਕਾਤ
ਸਿਡਨੀ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਇੱਥੇ ਆਪਣੀ ਹਮਰੁਬਤਾ ਪੈਨੀ ਵੌਂਗ ਨੂੰ ਮਿਲੇ। ਜੈਸ਼ੰਕਰ ਨੇ ਕਿਹਾ ਕਿ ਦੋਵੇਂ ਮੁਲਕ ਹੁਣ ਦੁਵੱਲੇ ਮੁੱਦਿਆਂ ਤੋਂ ਅੱਗੇ ਵੱਧ ਕੇ, ਖੇਤਰੀ ਅਤੇ ਆਲਮੀ ਪੱਧਰ ‘ਤੇ ਸਹਿਯੋਗ ਕਰ ਰਹੇ ਹਨ। ਆਸਟਰੇਲੀਆ ਦੀ ਵਿਦੇਸ਼ ਮੰਤਰੀ ਵੌਂਗ ਨੇ ਟਵੀਟ ਕਰ ਕੇ ਕਿਹਾ, ‘ਜਵਿੇਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਸਾਡੇ ਰਿਸ਼ਤੇ ਲੋਕਤੰਤਰ, ਭਾਈਚਾਰੇ ਤੇ ਦੋਸਤੀ ਉਤੇ ਅਧਾਰਿਤ ਹਨ, ਅਸੀਂ ਵਪਾਰ, ਰੱਖਿਆ ਤੇ ਲੋਕਾਂ ਵਿਚਾਲੇ ਸੰਪਰਕ ਨੂੰ ਵਧਾਉਣ ਲਈ ਆਪਣੀ ਭਾਈਵਾਲੀ ਦਾ ਵਿਸਤਾਰ ਕਰ ਰਹੇ ਹਾਂ।’ -ਪੀਟੀਆਈ