ਲੱਖਾਂ ਮੁਸਾਫਰ ਹਵਾਈ ਅੱਡਿਆਂ ’ਤੇ ਫਸੇ
ਇਰਾਨ ’ਤੇ ਹਮਲੇ ਮਗਰੋਂ ਮੱਧ ਪੂਰਬ ਏਸ਼ਿਆਈ ਖ਼ਿੱਤੇ ’ਚ ਹਵਾਈ ਉਡਾਣਾਂ ’ਤੇ ਅਸਰ ਪਿਆ ਹੈ ਜਿਸ ਕਾਰਨ ਲੱਖਾਂ ਮੁਸਾਫਰ ਫਸ ਗਏ ਹਨ। ਹਮਲਿਆਂ ਕਾਰਨ ਖ਼ਿੱਤੇ ’ਚ ਹਵਾਈ ਖੇਤਰ ਬੰਦ ਹੈ। ਇਸ ਕਾਰਨ ਯੂਰੋਪ, ਅਫਰੀਕਾ ਅਤੇ ਪੱਛਮ ਨੂੰ ਜੋੜਨ ਵਾਲੇ ਅਹਿਮ...
ਇਰਾਨ ’ਤੇ ਹਮਲੇ ਮਗਰੋਂ ਮੱਧ ਪੂਰਬ ਏਸ਼ਿਆਈ ਖ਼ਿੱਤੇ ’ਚ ਹਵਾਈ ਉਡਾਣਾਂ ’ਤੇ ਅਸਰ ਪਿਆ ਹੈ ਜਿਸ ਕਾਰਨ ਲੱਖਾਂ ਮੁਸਾਫਰ ਫਸ ਗਏ ਹਨ। ਹਮਲਿਆਂ ਕਾਰਨ ਖ਼ਿੱਤੇ ’ਚ ਹਵਾਈ ਖੇਤਰ ਬੰਦ ਹੈ। ਇਸ ਕਾਰਨ ਯੂਰੋਪ, ਅਫਰੀਕਾ ਅਤੇ ਪੱਛਮ ਨੂੰ ਜੋੜਨ ਵਾਲੇ ਅਹਿਮ ਹਵਾਈ ਅੱਡਿਆਂ ’ਤੇ ਸਿੱਧਾ ਅਸਰ ਪਿਆ ਹੈ। ਮੱਧ ਪੂਰਬੀ ਖ਼ਿੱਤੇ ’ਚ ਐਤਵਾਰ ਨੂੰ ਵੀ ਹਵਾਈ ਅੱਡੇ ਬੰਦ ਰਹੇ। ਐਮੀਰੇਟਸ ਏਅਰਲਾਈਨਜ਼ ਨੇ ਦੁਬਈ ’ਚ ਆਪਣੀਆਂ ਸਾਰੀਆਂ ਉਡਾਣਾਂ ਅੱਜ ਦੁਪਹਿਰ ਤੱਕ ਲਈ ਰੱਦ ਕਰ ਦਿੱਤੀਆਂ। ਕਤਰ ਹਵਾਈ ਅੱਡਾ ਵੀ ਸੋਮਵਾਰ ਸਵੇਰ ਤੱਕ ਬੰਦ ਕਰ ਦਿੱਤਾ ਗਿਆ ਹੈ। ਇਜ਼ਰਾਈਲ ਦਾ ਹਵਾਈ ਖੇਤਰ ਵੀ ਐਤਵਾਰ ਤੱਕ ਬੰਦ ਰਿਹਾ। ਯੂ ਏ ਈ, ਇਜ਼ਰਾਈਲ, ਕਤਰ, ਸੀਰੀਆ, ਇਰਾਕ, ਕੁਵੈਤ ਅਤੇ ਬਹਿਰੀਨ ਨੇ ਆਪਣੇ ਹਵਾਈ ਖੇਤਰ ਬੰਦ ਕੀਤੇ ਹੋਏ ਹਨ। ਮੱਧ ਪੂਰਬ ਨਾਲ ਸਬੰਧਤ ਕਈ ਅਹਿਮ ਏਅਰਲਾਈਨਜ਼ ਵੱਲੋਂ 1,800 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਐਮੀਰੇਟਸ, ਕਤਰ ਅਤੇ ਏਤਿਹਾਦ ਏਅਰਲਾਈਨਜ਼ ’ਚ ਕਰੀਬ 90 ਹਜ਼ਾਰ ਮੁਸਾਫਰ ਰੋਜ਼ਾਨਾਂ ਅਰਬ ਮੁਲਕਾਂ ਦਾ ਦੌਰਾ ਕਰਦੇ ਹਨ। ਦੁਬਈ ਕੌਮਾਂਤਰੀ ਹਵਾਈ ਅੱਡੇ ਅਤੇ ਅਬੂ ਧਾਬੀ ’ਚ ਜ਼ਾਇਦ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਨਿਚਰਵਾਰ ਨੂੰ ਇਰਾਨ ਨੇ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਸਨ ਜਿਸ ’ਚ ਇਕ ਵਿਅਕਤੀ ਮਾਰਿਆ ਗਿਆ ਸੀ ਅਤੇ ਸੱਤ ਹੋਰ ਜ਼ਖ਼ਮੀ ਹੋਏ ਸਨ।
ਦੁਬਈ ਸਣੇ ਕਈ ਹਵਾਈ ਅੱਡਿਆਂ ’ਤੇ ਸੈਂਕੜੇ ਭਾਰਤੀ ਫਸੇ
ਨਵੀਂ ਦਿੱਲੀ: ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਤੋਂ ਬਾਅਦ ਪੱਛਮੀ ਏਸ਼ੀਆ ’ਚ ਉਡਾਣਾਂ ਪ੍ਰਭਾਵਿਤ ਹੋਣ ਕਾਰਨ ਸੈਂਕੜੇ ਭਾਰਤੀ ਦੁਬਈ ਤੇ ਹੋਰ ਪ੍ਰਮੁੱਖ ਹਵਾਈ ਅੱਡਿਆਂ ’ਤੇ ਫਸ ਗਏ ਹਨ। ਇਨ੍ਹਾਂ ਵਿਚੋਂ ਕਈਆਂ ਨੇ ਭਾਰਤ ਸਰਕਾਰ ਨੂੰ ਸੋਸ਼ਲ ਮੀਡੀਆ ਰਾਹੀਂ ਮਦਦ ਦੀ ਅਪੀਲ ਕੀਤੀ ਹੈ। ਉਲੰਪਿਕ ਤਗਮਾ ਜੇਤੂ ਪੀ ਵੀ ਸਿੰਧੂ, ਕਰਨਾਟਕ ਤੋਂ ਜੇ ਡੀ (ਐੱਸ) ਦੇ ਨੇਤਾ ਐੱਸ ਐਲ ਭੋਜੇਗੌੜਾ ਤੇ ਉਨ੍ਹਾਂ ਦਾ ਪਰਿਵਾਰ, ਬੰਗਾਲੀ ਅਭਿਨੇਤਾ ਸੁਭਾਸ੍ਰੀ ਗਾਂਗੁਲੀ ਤੇ ਉਨ੍ਹਾਂ ਦਾ ਪੁੱਤਰ, ਕਈ ਸੈਲਾਨੀ ਤੇ ਵਿਦਿਆਰਥੀ ਦੁਬਈ ਵਿਚ ਫਸੇ ਹੋਏ ਹਨ। ਮੱਧ ਪ੍ਰਦੇਸ਼ ਦੇ 700 ਤੋਂ ਵੱਧ ਲੋਕ ਜਿਨ੍ਹਾਂ ’ਚ ਦੋ ਸਾਬਕਾ ਵਿਧਾਇਕ ਵੀ ਹਨ, ਉਡਾਣਾਂ ਬੰਦ ਹੋਣ ਕਾਰਨ ਯੂਏਈ ’ਚ ਫਸ ਗਏ ਹਨ। ਇਸੇ ਦੌਰਾਨ ਸੀ ਬੀ ਐੱਸ ਈ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਪੂਰਬ ਖੇਤਰ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ 2 ਮਾਰਚ ਨੂੰ ਉੱਥੇ ਹੋਣ ਵਾਲੀਆਂ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਟਾਲ ਦਿੱਤੀਆਂ ਗਈਆਂ ਹਨ। -ਪੀਟੀਆਈ

