Middle East Tension: ਟਰੰਪ ਨੇ ਇਰਾਨ ’ਤੇ ਹੋਰ ਹਮਲਿਆਂ ਦੀ ਚਿਤਾਵਨੀ ਦਿੱਤੀ; ਪੱਛਮੀ ਏਸ਼ੀਆ ਵਿੱਚ ਤਣਾਅ ਵਧਿਆ
ਅਮਰੀਕਾ ਇਰਾਨ ’ਤੇ ਬਹੁਤ ਸਖ਼ਤ ਵਾਰ ਕਰੇਗਾ: ਅਮਰੀਕੀ ਰਾਸ਼ਟਰਪਤੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ’ਤੇ ਹੋਰ ਜ਼ਿਆਦਾ ਫ਼ੌਜੀ ਹਮਲੇ ਕਰਨ ਦੀ ਚਿਤਾਵਨੀ ਦਿੱਤੀ ਹੈ। ਅਮਰੀਕਾ ਰਣਨੀਤਕ ਤੌਰ ’ਤੇ ਮਹੱਤਵਪੂਰਨ ਹਰਮੁਜ਼ ਜਲ ਮਾਰਗ ਨੂੰ ਮੁੜ ਖੁਲ੍ਹਾਉਣ ਲਈ ਦਬਾਅ ਬਣਾ ਰਿਹਾ ਹੈ।
ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਅਸੀਂ ਸਿਰਫ਼ ਜਿੱਤਣਾ ਚਾਹੁੰਦੇ ਹਾਂ” ਅਤੇ ਸੰਕੇਤ ਦਿੱਤਾ ਕਿ ਅਮਰੀਕੀ ਫ਼ੌਜੀ ਕਾਰਵਾਈ ਹੁਣ ਕੁਝ ਸਮੇਂ ਤੱਕ ਜਾਰੀ ਰਹਿ ਸਕਦੀ ਹੈ।
ਉਨ੍ਹਾਂ ਕਿਹਾ, ''ਅਮਰੀਕਾ ਇਰਾਨ ’ਤੇ ਬਹੁਤ ਸਖ਼ਤ ਵਾਰ ਕਰੇਗਾ। ਇੱਕ ਸਮਾਂ ਆਵੇਗਾ ਜਦੋਂ ਉਹ ਕਹਿਣਗੇ ਕਿ ਹੁਣ ਅਸੀਂ ਹੋਰ ਨਹੀਂ ਸਹਿ ਸਕਦੇ।”
ਇਸ ਤੋਂ ਬਾਅਦ ਦਿਨ ਵਿੱਚ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੇਵਿਟ ਨੇ ਇਰਾਨ ’ਤੇ ਅਮਰੀਕਾ ਨਾਲ ਹੋਏ ਜੰਗਬੰਦੀ ਸਮਝੌਤੇ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਤਹਿਰਾਨ ਨੇ ਪਿਛਲੇ ਮਹੀਨੇ ਅਮਰੀਕਾ ਨਾਲ ਜੰਗਬੰਦੀ ਸਬੰਧੀ ਇੱਕ ਸਮਝੌਤਾ ਪੱਤਰ (ਐੱਮ ਓ ਯੂ) ’ਤੇ ਦਸਤਖ਼ਤ ਕੀਤੇ ਸਨ, ਪਰ ਇਸ ਤੋਂ ਤੁਰੰਤ ਬਾਅਦ ਉਸ ਨੇ ਇਸ ਨੂੰ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਇਰਾਨ ਨੇ ਵਪਾਰਕ ਜਹਾਜ਼ਾਂ ’ਤੇ ਹਮਲਾ ਕੀਤਾ ਅਤੇ ਅਮਰੀਕੀ ਫੌਜੀਆਂ ਦੀ ਹੱਤਿਆ ਕੀਤੀ।
ਲੇਵਿਟ ਨੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਬਿਆਨ ਵਿੱਚ ਕਿਹਾ, "ਰਾਸ਼ਟਰਪਤੀ ਟਰੰਪ ਇਸ ਤਰ੍ਹਾਂ ਦੀ ਅਤਿਵਾਦੀ ਹਰਕਤ ਬਰਦਾਸ਼ਤ ਨਹੀਂ ਕਰਨਗੇ। ਜਦੋਂ ਤੱਕ ਇਰਾਨ ਰਾਸ਼ਟਰਪਤੀ ਟਰੰਪ ਦੇ ਅਨੁਸਾਰ ਸਹੀ ਤਰੀਕੇ ਨਾਲ ਗੱਲਬਾਤ ਦੀ ਮੇਜ਼ ’ਤੇ ਨਹੀਂ ਆਉਂਦਾ, ਉਦੋਂ ਤੱਕ ਉਸ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।"
ਉੱਥੇ ਹੀ, ਬ੍ਰਿਟੇਨ ਦੀ ਜਲ ਸੈਨਾ ਨੇ ਸ਼ਨਿੱਚਰਵਾਰ ਨੂੰ ਦੱਸਿਆ ਕਿ ਹਰਮੁਜ਼ ਜਲ ਮਾਰਗ ਵਿੱਚ ਓਮਾਨ ਦੇ ਤੱਟ ਦੇ ਕੋਲ ਇੱਕ ਟੈਂਕਰ ਹਮਲੇ ਦਾ ਸ਼ਿਕਾਰ ਹੋ ਗਿਆ, ਜਦੋਂ ਕਿ ਇੱਕ ਹੋਰ ਜਹਾਜ਼ ਦੇ ਕੋਲ ਜ਼ੋਰਦਾਰ ਧਮਾਕਾ ਹੋਇਆ। ਦੋਵਾਂ ਘਟਨਾਵਾਂ ਵਿੱਚ ਕਿਸੇ ਦੇ ਜਾਨੀ ਨੁਕਾਸਨ ਦੀ ਕੋਈ ਖ਼ਬਰ ਨਹੀਂ ਹੈ।

