ਮੈਡੀਸਨ ਦਾ ਨੋਬੇਲ ਇਨਾਮ ਮਾਈਕਰੋ-ਆਰਐੱਨਏ ਦੀ ਖੋਜ ਲਈ ਦੋ ਅਮਰੀਕੀਆਂ ਵਿਗਿਆਨੀਆਂ ਨੂੰ
Nobel Prize in medicine: ਅਮਰੀਕੀ ਵਿਗਿਆਨੀਆਂ - ਵਿਕਟਰ ਐਂਬਰੋਸ ਅਤੇ ਗੈਰੀ ਰਵਕੁਨ ਨੂੰ ਮਿਲੇਗਾ ਇਨਾਮ
ਸਟਾਕਹੋਮ, 7 ਅਕਤੂਬਰ
ਇਸ ਸਾਲ ਮੈਡੀਸਨ ਦਾ ਨੋਬੇਲ ਇਨਾਮ ਦੋ ਅਮਰੀਕੀ ਵਿਗਿਆਨੀਆਂ - ਵਿਕਟਰ ਐਂਬਰੋਸ ਅਤੇ ਗੈਰੀ ਰਵਕੁਨ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਸੋਮਵਾਰ ਨੂੰ ਇਹ ਐਲਾਨ ਕਰਦਿਆਂ ਨੋਬੇਲ ਕਮੇਟੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਇਨਾਮ ਉਨ੍ਹਾਂ ਵੱਲੋਂ ਮਾਈਕਰੋ-ਆਰਐੱਨਏ (microRNA) ਦੀ ਖੋਜ ਕਰਨ ਬਦਲੇ ਦਿੱਤਾ ਜਾ ਰਿਹਾ ਹੈ। ਮਾਈਕਰੋ-ਆਰਐੱਨਏ, ਜੈਨੇਟਿਕ ਸਮੱਗਰੀ ਦੇ ਬਹੁਤ ਛੋਟੇ-ਛੋਟੇ ਟੁਕੜੇ ਹੁੰਦੇ ਹਨ, ਜਿਹੜੇ ਸੈੱਲਾਂ ਦੇ ਪੱਧਰ ’ਤੇ ਜੀਨਾਂ ਦੀ ਕਾਰਜ-ਪ੍ਰਣਾਲੀ ਨੂੰ ਬਦਲ ਦਿੰਦੇ ਹਨ ਅਤੇ ਇਹ ਕੈਂਸਰ ਦੇ ਇਲਾਜ ਦੇ ਨਵੇਂ ਤਰੀਕੇ ਲੱਭਣ ਵਿਚ ਮਦਦਗਾਰ ਹੋ ਸਕਦੇ ਹਨ।
ਇਹ ਐਡਵਾਰਡ ਦੇਣ ਵਾਲੀ ਨੋਬੇਲ ਅਸੰਬਲੀ ਨੇ ਕੈਰੋਲਿੰਸਕਾ ਇੰਸਟੀਚਿਊਟ ਵਿਖੇ ਕਿਹਾ ਕਿ ਇਸ ਵਿਗਿਆਨੀ ਜੋੜੀ ਦੀ ਖੋਜ ‘ਇਸ ਮਾਮਲੇ ਵਿਚ ਬੁਨਿਆਦੀ ਤੌਰ ’ਤੇ ਅਹਿਮ ਸਾਬਤ ਹੋ ਰਹੀ ਹੈ ਕਿ ਜੀਵ ਕਿਵੇਂ ਵਿਕਸਤ ਹੁੰਦੇ ਤੇ ਕੰਮ ਕਰਦੇ’ ਹਨ।’’ ਅਸੰਬਲੀ ਨੇ ਇਸ ਸਬੰਧੀ ਇਕ ਬਿਆਨ ਵਿਚ ਕਿਹਾ, ‘‘ਉਨ੍ਹਾਂ ਦੀ ਇਸ ਅਹਿਮ ਖੋਜ ਨੇ ਜੀਨਾਂ ਦੇ ਵਰਤ-ਵਿਹਾਰ ਸਬੰਧੀ ਬਿਲਕੁਲ ਹੀ ਨਵੇਂ ਸਿਧਾਂਤ ਦਾ ਖ਼ੁਲਾਸਾ ਕੀਤਾ ਹੈ, ਜਿਹੜਾ ਮਨੁੱਖਾਂ ਸਮੇਤ ਬਹੁ-ਕੋਸ਼ਿਕੀ (ਬਹੁਤੇ ਸੈੱਲਾਂ ਵਾਲੇ) ਜੀਵਾਂ ਬਾਰੇ ਜ਼ਰੂਰੀ ਸਾਬਤ ਹੋਇਆ।’’ -ਏਪੀ

