ਯੂਕਰੇਨ ਦੀ ਰਾਜਧਾਨੀ ਕੀਵ ’ਤੇ ਰੂਸ ਵੱਲੋਂ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਕੀਤੇ ਗਏ ਹਮਲਿਆਂ ’ਚ 9 ਵਿਅਕਤੀ ਮਾਰੇ ਗਏ ਅਤੇ 22 ਹੋਰ ਜ਼ਖ਼ਮੀ ਹੋ ਗਏ। ਯੂਕਰੇਨੀ ਐਮਰਜੈਂਸੀ ਸੇਵਾ ਮੁਤਾਬਕ ਸ਼ਹਿਰ ਦੇ ਸੋਲੋਮਿਆਂਸਕੀ ਜ਼ਿਲ੍ਹੇ ’ਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਡਰੋਨਾਂ ਅਤੇ ਮਿਜ਼ਾਈਲਾਂ ਦੀ ਮਾਰ ਹੇਠ ਆ ਗਈ ਅਤੇ ਉਸ ’ਚ ਅੱਗ ਲੱਗ ਗਈ। ਬਚਾਅ ਕਰਮੀਆਂ ਨੇ ਇਮਾਰਤ ਦੀਆਂ ਉਪਰਲੀਆਂ ਮੰਜ਼ਿਲਾਂ ’ਚੋਂ 35 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਮਲੇ ’ਚ ਦੋ ਵਿਅਕਤੀ ਮਾਰੇ ਗਏ ਅਤੇ ਦੋ ਬੱਚਿਆਂ ਸਮੇਤ ਅੱਠ ਹੋਰ ਜ਼ਖ਼ਮੀ ਹੋ ਗਏ।
ਦਾਰਨਿਤਸਕੀ ਜ਼ਿਲ੍ਹੇ ’ਚ ਹਮਲੇ ਕਾਰਨ ਘਰਾਂ, ਵਾਹਨਾਂ ਅਤੇ ਦਫ਼ਤਰਾਂ ਨੂੰ ਅੱਗ ਲੱਗ ਗਈ ਜਿਸ ਕਾਰਨ ਸੱਤ ਵਿਅਕਤੀ ਮਾਰੇ ਗਏ ਅਤੇ 14 ਹੋਰ ਜ਼ਖ਼ਮੀ ਹੋ ਗਏ। ਰਾਜਧਾਨੀ ਦੇ ਸ਼ੇਵਚੇਨਕਿਵਸਕੀ ਜ਼ਿਲ੍ਹੇ ’ਚ ਗ਼ੈਰ-ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ। ਸ਼ਹਿਰ ਦੇ ਦੋ ਹੋਰ ਜ਼ਿਲ੍ਹਿਆਂ ’ਚ ਕਾਰੋਬਾਰੀ ਅਤੇ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਰੂਸ ਨੇ ਦੋ ਦਿਨ ਪਹਿਲਾਂ ਵੀ ਯੂਕਰੇਨ ਦੇ ਵੱਖ ਵੱਖ ਹਿੱਸਿਆਂ ’ਚ ਬੈਲਿਸਟਿਕ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਜ਼ੋਰਦਾਰ ਹਮਲੇ ਕੀਤੇ ਸਨ ਜਿਨ੍ਹਾਂ ’ਚ 10 ਵਿਅਕਤੀ ਮਾਰੇ ਗਏ ਸਨ ਅਤੇ 50 ਹੋਰ ਜ਼ਖ਼ਮੀ ਹੋ ਗਏ ਸਨ। ਯੂਕਰੇਨ ਕੋਲ ਹਮਲਿਆਂ ਦੇ ਟਾਕਰੇ ਲਈ ਢੁਕਵੀਂ ਪ੍ਰਣਾਲੀ ਨਾ ਹੋਣ ਕਾਰਨ ਰੂਸ ਜ਼ੋਰਦਾਰ ਹਮਲੇ ਕਰ ਰਿਹਾ ਹੈ। ਉਂਝ ਅਮਰੀਕਾ ਨੇ ਯੂਕਰੇਨ ਨੂੰ ਪੈਟ੍ਰਿਅਟ ਰੱਖਿਆ ਪ੍ਰਣਾਲੀਆਂ ਦਾ ਲਾਇਸੈਂਸ ਦੇਣ ਦਾ ਭਰੋਸਾ ਦਿੱਤਾ ਹੈ।

