ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਅਲੀ ਖਮੇਨੇਈ (86) ਦੀ ਮੌਤ ਨਾਲ ਉਨ੍ਹਾਂ ਦੀ ਮੁਲਕ ਨੂੰ ਖੇਤਰੀ ਤਾਕਤ ਬਣਾਉਣ ਦੀ ਖਾਹਿਸ਼ ਅਧੂਰੀ ਰਹਿ ਗਈ। ਖਮੇਨੇਈ 1989 ਤੋਂ ਇਸਲਾਮੀ ਗਣਰਾਜ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਦਾ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਇਜ਼ਰਾਈਲ ਅਤੇ ਅਮਰੀਕਾ ਨਾਲ ਟਕਰਾਅ ਰਿਹਾ ਸੀ ਅਤੇ ਮੁਲਕ ’ਚ ਲੋਕਤੰਤਰ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਦਰੜਨ ਦੇ ਵੀ ਦੋਸ਼ ਲੱਗੇ ਸਨ। ਇਰਾਨ ਦੇ ਸਾਬਕਾ ਸੁਪਰੀਮ ਆਗੂ ਆਇਤੁੱਲਾ ਰੂਹੋਅੱਲ੍ਹਾ ਖ਼ੁਮੇਨੀ ਦੀ 1989 ’ਚ ਮੌਤ ਮਗਰੋਂ ਖਮੇਨੇਈ ਨੇ ਕਮਾਨ ਸੰਭਾਲੀ ਸੀ। ਖ਼ੁਮੇਨੀ ਨੇ ਸ਼ਾਹ ਦਾ ਤਖਤਾ ਪਲਟ ਕੇ ਸ਼ੀਆ ਮੁਸਲਿਮ ਮੌਲਾਨਿਆਂ ਦਾ ਰਾਜ ਸਥਾਪਤ ਕੀਤਾ ਸੀ। ਖਮੇਨੇਈ ਨੇ ਨੀਮ ਫ਼ੌਜੀ ਬਲ ਰੈਵੋਲਿਊਸ਼ਨਰੀ ਗਾਰਡ ਨੂੰ ਆਪਣੇ ਰਾਜ ਦਾ ਸਭ ਤੋਂ ਅਹਿਮ ਆਧਾਰ ਬਣਾਇਆ। ਖਮੇਨੇਈ ਦਾ ਜਨਮ ਉੱਤਰ ਪੂਰਬੀ ਸ਼ਹਿਰ ਮਸ਼ਹਦ ’ਚ ਧਾਰਮਿਕ ਪਰਿਵਾਰ ’ਚ ਹੋਇਆ ਸੀ। ਅਮਰੀਕਾ ਨੂੰ ਮਹਾਂ ਸ਼ੈਤਾਨ ਦੱਸਣ ਵਾਲੇ ਖਮੇਨੇਈ ਨੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਨੂੰ ਦਰਕਿਨਾਰ ਕਰਦਿਆਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਅੱਗੇ ਵਧਾਇਆ ਸੀ। ਸਾਲ 1981 ’ਚ ਉਹ ਇਰਾਨ ਦੇ ਤੀਜੇ ਰਾਸ਼ਟਰਪਤੀ ਚੁਣੇ ਗਏ ਸਨ। ਉਸੇ ਸਾਲ ਵਿਰੋਧੀਆਂ ਵੱਲੋਂ ਕੀਤੇ ਗਏ ਇਕ ਬੰਬ ਹਮਲੇ ’ਚ ਉਨ੍ਹਾਂ ਦੇ ਇਕ ਹੱਥ ਨੂੰ ਲਕਵਾ ਮਾਰ ਗਿਆ ਸੀ। ਖ਼ੁਮੇਨੀ ਦੀ ਮੌਤ ਮਗਰੋਂ ਸੁਪਰੀਮ ਆਗੂ ਨਾਮਜ਼ਦ ਹੋਣ ’ਤੇ ਉਹ ਰਾਤੋਂ ਰਾਤ ਗ੍ਰੈਂਡ ਆਇਤੁੱਲਾ ਦੇ ਪੱਧਰ ਤੱਕ ਪਹੁੰਚ ਗਏ ਸਨ ਜੋ ਸਭ ਤੋਂ ਵੱਡਾ ਅਹੁਦਾ ਹੁੰਦਾ ਹੈ। ਖਮੇਨੇਈ ਦੀ 1958 ’ਚ ਖ਼ੋਮੇਨੀ ਨਾਲ ਮੁਲਾਕਾਤ ਹੋਈ ਸੀ ਅਤੇ ਤੁਰੰਤ ਹੀ ਉਹ ਉਨ੍ਹਾਂ ਦੇ ਮੁਰੀਦ ਬਣ ਗਏ ਸਨ। ਉਨ੍ਹਾਂ ਖ਼ੋਮੇਨੀ ਦੀ ਵਿਚਾਰਧਾਰਾ ਨੂੰ ਅਪਣਾ ਲਿਆ ਸੀ। ਇਸ ਮਗਰੋਂ ਖਮੇਨੇਈ ਨੇ ਖ਼ੋਮੇਨੀ, ਜੋ 1964 ’ਚ ਜਲਾਵਤਨ ਹੋ ਗਏ ਸਨ, ਦੀ ਸ਼ਹਿ ’ਤੇ ਸ਼ਾਹ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਸੀ।
Advertisement
FILE PHOTO: Iran's Supreme Leader Ayatollah Ali Khamenei waves to members of Basij militia (paramilitary volunteer) while attending a ceremony to mark the Basij day in southern Tehran November 26, 2007. REUTERS/Fars News (IRAN)/File Photo
Advertisement
Advertisement
Advertisement
×

