ਖ਼ਾਲਿਦਾ ਦੀ ਹਾਲਤ ਨਾਜ਼ੁਕ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ (80) ਦੀ ਸਿਹਤ ਬਹੁਤ ਖ਼ਰਾਬ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀ ਐੱਨ ਪੀ) ਦੇ ਆਗੂਆਂ ਨੇ ਕਿਹਾ ਕਿ ਸਥਾਨਕ ਅਤੇ ਕੌਮਾਂਤਰੀ ਮੈਡੀਕਲ ਮਾਹਿਰ ਖ਼ਾਲਿਦਾ ਦੇ ਇਲਾਜ ਦੀ ਨਿਗਰਾਨੀ ਕਰ ਰਹੇ ਹਨ। ਪਾਰਟੀ ਪ੍ਰਧਾਨ ਜ਼ਿਆ ਨੂੰ 23 ਨਵੰਬਰ ਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਛਾਤੀ ’ਚ ਇਨਫੈਕਸ਼ਨ ਮਗਰੋਂ ਉਨ੍ਹਾਂ ਦੇ ਦਿਲ ਅਤੇ ਫੇਫੜਿਆਂ ’ਤੇ ਅਸਰ ਪਿਆ ਹੈ। ਚਾਰ ਦਿਨਾਂ ਬਾਅਦ ਸਿਹਤ ਹੋਰ ਵਿਗੜਨ ’ਤੇ ਉਨ੍ਹਾਂ ਨੂੰ ਕੋਰੋਨਰੀ ਕੇਅਰ ਯੂਨਿਟ (ਸੀ ਸੀ ਯੂ) ’ਚ ਤਬਦੀਲ ਕੀਤਾ ਗਿਆ ਸੀ। ਨਿਊਜ਼ ਪੋਰਟਲ ਟੀ ਬੀ ਐੱਸ ਨਿਊਜ਼ ਨੇ ਬੀ ਐੱਨ ਪੀ ਦੇ ਉਪ ਚੇਅਰਮੈਨ ਐਡਵੋਕੇਟ ਅਹਿਮਦ ਆਜ਼ਮ ਖ਼ਾਨ ਦੇ ਹਵਾਲੇ ਨਾਲ ਕਿਹਾ ਕਿ ਜ਼ਿਆ ਦੀ ਹਾਲਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਐਵਰਕੇਅਰ ਹਸਪਤਾਲ ਦੇ ਬਾਹਰ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਖ਼ਾਲਿਦਾ ਜ਼ਿਆ ਦੀ ਹਾਲਤ ਬਹੁਤ ਖ਼ਰਾਬ ਹੈ। ਪੂਰੇ ਦੇਸ਼ ਨੂੰ ਦੁਆਵਾਂ ਮੰਗਣ ਦੀ ਅਪੀਲ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਹੈ।’’ ਬੀ ਐੱਨ ਪੀ ਦੇ ਸਕੱਤਰ ਜਨਰਲ ਮਿਰਜ਼ਾ ਫ਼ਖ਼ਰੁਲ ਇਸਲਾਮ ਆਲਮਗੀਰ ਨੇ ਵੀ ਪੁਸ਼ਟੀ ਕੀਤੀ ਕਿ ਜ਼ਿਆ ਦੀ ਹਾਲਤ ਗੰਭੀਰ ਹੈ ਅਤੇ ਢਾਕਾ ਦੇ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਵੀ ਦੇਸ਼ ਵਾਲੀਆਂ ਨੂੰ ਦੁਆ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਸਿਹਤ ’ਤੇ ਚਿੰਤਾ ਜ਼ਾਹਰ ਕੀਤੀ ਹੈ।
