ਵੈਨਕੂਵਰ ਪੁਲੀਸ ਦੇ ਜਿਸ ਅਧਿਕਾਰੀ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਨੂੰ ਇੱਕ ਸਾਥੀ ਸਣੇ ਧੋਖਾਧੜੀ ਅਤੇ ਚੋਰੀ ਦੇ ਦੋਸ਼ਾਂ ਤਹਿਤ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ, ਵੈਨਕੂਵਰ ਪੁਲੀਸ ਬੋਰਡ ਨੇ ਉਸ ਨੂੰ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ।
ਵੈਨਕੂਵਰ ਪੁਲੀਸ ਦੇ ਮੁਖੀ ਸਤਵਿੰਦਰ ਸਿੰਘ ਰਾਏ ਉਰਫ ਸਟੀਵ ਰਾਏ ਨੇ ਅੱਜ ਦੁਪਹਿਰ ਵੇੇਲੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਢਾਈ ਸਾਲ ਚੱਲੀ ਜਾਂਚ ਦੌਰਾਨ ਵੱਡੀ ਗਿਣਤੀ ’ਚ ਲੋਕ ਕੈਲ ਵੱਲੋਂ ਉਨ੍ਹਾਂ ਦੀਆਂ ਰਕਮਾਂ ਦੱਬਣ ਦੀਆਂ ਸ਼ਿਕਾਇਤਾਂ ਲੈ ਕੇ ਆਏ, ਪਰ ਬਹੁਤੇ ਆਪਣੀਆਂ ਰਕਮਾਂ ਦੇ ਸਰੋਤ ਦਾ ਸਬੂਤ ਪੇਸ਼ ਨਾ ਕਰ ਸਕੇ। ਉਸ ਨੇ ਦੱਸਿਆ ਕਿ ਮਿਲੇ ਸਬੂਤਾਂ ਅਨੁਸਾਰ 19 ਲੋਕਾਂ ਦੇ 30 ਲੱਖ ਡਾਲਰ ਦੇ ਘਪਲੇ ਦੇ ਸਬੂਤ ਮਿਲੇ, ਜਿਸ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਕੈਲ ਵਿਰੁੱਧ 9 ਅਤੇ ਸਾਥੀ ਵਿਰੁੱਧ 8 ਧਾਰਾਵਾਂ ਜੋੜੀਆਂ ਗਈਆਂ। ਰਾਏ ਨੇ ਦੁੱਖ ਪ੍ਰਗਟਾਉਂਦੇ ਹੋਏ ਦੱਸਿਆ ਕਿ ਇਸ ਘਟਨਾ ਨੇ ਵੈਨਕੂਵਰ ਪੁਲੀਸ ਦੇ ਮੱਥੇ ਉੱਤੇ ਦਾਗ਼ ਲਾ ਦਿੱਤਾ ਹੈ।
ਪੁਲੀਸ ਮੁਖੀ ਨੇ ਦੱਸਿਆ ਕਿ ਉਨ੍ਹਾਂ ਪੁਲੀਸ ਬੋਰਡ ਨੂੰ ਲਿਖ ਦਿੱਤਾ ਹੈ ਕਿ ਕੈਲ ਨੂੰ ਬਿਨਾਂ ਤਨਖ਼ਾਹ ਮੁਅੱਤਲ ਕੀਤਾ ਜਾਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਦਸੰਬਰ 2023 ਵਿੱਚ ਆਈਆਂ ਤੇ ਉਦੋਂ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਬਹੁਤੇ ਸ਼ਿਕਾਇਤਕਰਤਾ ਜੁਟਾਈ ਗਈ ਰਕਮ ਦੇ ਸਰੋਤਾਂ ਦੇ ਸਬੂਤ ਪੇਸ਼ ਨਹੀਂ ਕਰ ਸਕੇ। ਇਹ ਵੀ ਪਤਾ ਲੱਗਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਗ਼ੈਰ-ਕਾਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਜ਼ਬਤ ਕਰਨ ਵਾਲਾ ਦਫ਼ਤਰ ਵੀ ਸਰਗਰਮ ਹੋ ਗਿਆ ਹੈ।
ਕੈਲ ਦੀ ਪਤਨੀ ਨੇ ਕੌਂਸਲਰ ਦੀ ਚੋਣ ਦੀ ਤਿਆਰੀ ਵਿਚਾਲੇ ਛੱਡੀ
ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ (50) ਦੀ ਪਤਨੀ ਸੈਂਡੀ ਦੋਸਾਂਝ ਨੇ ਅਗਲੇ ਮਹੀਨੇ ਹੋਣ ਵਾਲੀ ਸਿਟੀ ਆਫ ਸਰੀ ਦੀਆਂ ਚੋਣਾਂ ’ਚੋਂ ਹਟਣ ਦੀ ਗੱਲ ਕਹੀ ਹੈ। ਪਿਛਲੇ ਮਹੀਨੇ ਤੋਂ ਉਸ ਨੇ ਕੌਂਸਲ ਲਈ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਵਜੋਂ ਚੋਣ ਮੁਹਿੰਮ ਵਿੱਢੀ ਹੋਈ ਸੀ। ਉਸ ਦੀ ਪਾਰਟੀ ਨੇ ਉਸ ਦੀ ਉਮੀਦਵਾਰੀ ਰੱਦ ਕਰਨ ਦਾ ਐਲਾਨ ਕੀਤਾ ਹੈ। ਸੈਂਡੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਬੇਕਸੂਰ ਹੈ ਅਤੇ ਬਾਇੱਜ਼ਤ ਬਰੀ ਹੋਵੇਗਾ।

