ਸੰਯੁਕਤ ਰਾਸ਼ਟਰ/ਨਿਊਯਾਰਕ, 26 ਸਤੰਬਰ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਸੰਯੁਕਤ ਰਾਸ਼ਟਰ ਦੀ ਚੋਟੀ ਦੀ ਲੀਡਰਸ਼ਿਪ ਨਾਲ ਮੁਲਾਕਾਤ ਕਰ ਕੇ ਭਾਰਤ ਦੀ ਜੀ20 ਪ੍ਰਧਾਨਗੀ ਬਾਰੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਖੇਤਰੀ ਮੁੱਦਿਆਂ ਤੇ ਆਲਮੀ ਚੁਣੌਤੀਆਂ, ਟਿਕਾਊ ਵਿਕਾਸ ਦੇ ਟੀਚਿਆਂ ਤੇ ਸਲਾਮਤੀ ਪਰਿਸ਼ਦ ਦੇ ਸੁਧਾਰਾਂ ਬਾਰੇ ਵੀ ਗੱਲਬਾਤ ਕੀਤੀ ਹੈ। ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਵਿਚ ਸੰਬੋਧਨ ਤੋਂ ਇਕ ਦਿਨ ਪਹਿਲਾਂ ਜੈਸ਼ੰਕਰ ਨੇ ਇੱਥੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨਾਲ ਮੁਲਾਕਾਤ ਕੀਤੀ। ਸੋਮਵਾਰ ਉਹ ਮਹਾਸਭਾ ਦੇ 78ਵੇਂ ਸੈਸ਼ਨ ਦੇ ਪ੍ਰਧਾਨ ਡੈਨਿਸ ਫਰਾਂਸਿਸ ਨੂੰ ਵੀ ਮਿਲੇ। ਜੈਸ਼ੰਕਰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ ਦੇ ਪ੍ਰਸ਼ਾਸਕ ਆਚਿਮ ਸਟੀਨਰ ਨੂੰ ਵੀ ਮਿਲੇ। ਵਿਦੇਸ਼ ਮੰਤਰੀ ਨੇ ਕਿਹਾ ਕਿ ਗੁਟੇਰੇਜ਼ ਨਾਲ ਮੁਲਾਕਾਤ ਵਿਚ ਉਨ੍ਹਾਂ ਟਿਕਾਊ ਵਿਕਾਸ ਦੇ ਏਜੰਡੇ ’ਚ ਭਾਰਤ ਦੀ ਜੀ20 ਪ੍ਰਧਾਨਗੀ ਦੇ ਯੋਗਦਾਨ ਉਤੇ ਵੀ ਚਰਚਾ ਕੀਤੀ। ਵਿਦੇਸ਼ ਮੰਤਰੀ ਨੇ ‘ਐਕਸ’ ’ਤੇ ਦੱਸਿਆ ਕਿ ਉਨ੍ਹਾਂ ਕੌਮਾਂਤਰੀ ਵਿੱਤੀ ਸੰਸਥਾਵਾਂ ’ਚ ਸੋਧ ਬਾਰੇ ਗੁਟੇਰੇਜ਼ ਵੱਲੋਂ ਪ੍ਰਗਟਾਈ ਵਚਨਬੱਧਤਾ ਦੀ ਸ਼ਲਾਘਾ ਕੀਤੀ। ਸੰਯੁਕਤ ਰਾਸ਼ਟਰ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਮੁਤਾਬਕ ਗੁਟੇਰੇਜ਼ ਨੇ ਸੰਸਥਾ ਨਾਲ ਭਾਰਤ ਵੱਲੋਂ ਕੀਤੇ ਜਾ ਰਹੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ ਹੈ। ਗੁਟੇਰੇਜ਼ ਨਾਲ ਮੀਟਿੰਗ ਤੋਂ ਪਹਿਲਾਂ ਜੈਸ਼ੰਕਰ ਫਰਾਂਸਿਸ ਨੂੰ ਮਿਲੇ ਤੇ ਉਨ੍ਹਾਂ ਵੱਲੋਂ ਜੀ20 ਦੇ ਸੰਦਰਭ ਵਿਚ ਕੀਤੀ ਭਾਰਤ ਦੀ ਪ੍ਰਸ਼ੰਸਾ ਦਾ ਸਵਾਗਤ ਕੀਤਾ। -ਪੀਟੀਆਈ
ਅਜੋਕਾ ਭਾਰਤ ਉੱਤਰ-ਦੱਖਣ ਦੀ ਵੰਡ ਤੇ ਪੂਰਬ-ਪੱਛਮ ਦਾ ਧਰੁਵੀਕਰਨ ਪੂਰਨ ਦੇ ਸਮਰੱਥ: ਜੈਸ਼ੰਕਰ
ਨਿਊਯਾਰਕ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਇਸ ਸਾਲ ਭਾਰਤ ਆਪਣੀ ਜੀ20 ਦੀ ਪ੍ਰਧਾਨਗੀ ਦੌਰਾਨ ਉੱਤਰ-ਦੱਖਣ ਦੀ ਵੰਡ ਅਤੇ ਪੂਰਬ-ਪੱਛਮ ਦੇ ਧਰੁਵੀਕਰਨ ਨੂੰ ਪੂਰਨ ਵਿਚ ਸਫ਼ਲ ਹੋਇਆ ਹੈ। ਇਸ ਦੇ ਨਾਲ ਹੀ ਭਾਰਤ ਨੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ ਨੂੰ ਮਨੁੱਖਤਾ ਅੱਗੇ ਬਣੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ। ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਵਿਚ ਹਿੱਸਾ ਲੈਣ ਆਏ ਵਿਦੇਸ਼ ਮੰਤਰੀ ਨੇ ‘ਭਾਰਤ ਮੰਡਪਮ’ (ਨਵੀਂ ਦਿੱਲੀ) ’ਚ ਕਰਵਾਏ ਗਏ ‘ਯੂਨੀਵਰਸਿਟੀ ਕਨੈਕਟ ਪ੍ਰੋਗਰਾਮ’ ਨੂੰ ਵੀਡੀਓ ਰਾਹੀਂ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੌਰਾਨ ਔਖੇ ਮੁੱਦਿਆਂ ’ਤੇ ਚਰਚਾ ਹੋਈਆ ਹੈ ਤੇ ਸਾਂਝੀ ਕਾਰਵਾਈ ਪ੍ਰਤੀ ਵਚਨਬੱਧਤਾ ਵੀ ਜ਼ਾਹਿਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜੋਕੇ ਭਾਰਤ ਨੂੰ ਦੁਨੀਆ ਮਸਲਿਆਂ ਦਾ ਹੱਲ ਕੱਢਣ ਵਾਲੇ ਮੁਲਕ ਵਜੋਂ ਦੇਖ ਰਹੀ ਹੈ, ਅਜਿਹਾ ਮੁਲਕ ਜੋ ਵੰਡਾਂ ਨੂੰ ਪੂਰਦਾ ਹੈ। ਜੈਸ਼ੰਕਰ ਨੇ ਕਿਹਾ, ‘ਦੁਨੀਆ ਭਾਰਤ ਦੇ ਵਿਚਾਰਾਂ ਨੂੰ ਮਾਨਤਾ ਦਿੰਦੀ ਹੈ, ਸਾਡਾ ਮਕਸਦ ਭਾਰਤ ਦੀ ਆਜ਼ਾਦੀ ਦੇ 100ਵਰ੍ਹੇ ਪੂਰੇ ਹੋਣ ਤੱਕ ਦੇਸ਼ ਨੂੰ ਵਿਕਸਿਤ ਮੁਲਕ ਬਣਾਉਣਾ ਹੈ।’ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਵਿਚ ਅਹਿਮ ਭੂਮਿਕਾ ਅਦਾ ਕਰਨ। ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਜੀ20 ਨੂੰ ਲੋਕਾਂ ਦਾ ਅੰਦੋਲਨ ਬਣਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। 125 ਮੁਲਕਾਂ ਦੇ 30 ਹਜ਼ਾਰ ਤੋਂ ਵੱਧ ਡੈਲੀਗੇਟਾਂ ਨੇ ਸਾਡੀ ਮਹਿਮਾਨਨਿਵਾਜ਼ੀ ਦੇਖੀ ਹੈ। -ਪੀਟੀਆਈ