ਦੱਖਣੀ ਲੈਬਨਾਨ ’ਤੇ ਅੱਜ ਹੋਏ ਇਜ਼ਰਾਈਲੀ ਹਵਾਈ ਹਮਲਿਆਂ ਵਿੱਚ ਘੱਟੋ-ਘੱਟ ਸੱਤ ਜਣੇ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਇਸ ਦੇ ਨਾਲ ਹੀ ਇਜ਼ਰਾਇਲੀ ਫ਼ੌਜ ਨੇ ਸਰਹੱਦੀ ਪਿੰਡ ਯਾਰੂਨ ਵਿੱਚ ਇਤਿਹਾਸਕ ਕੈਥੋਲਿਕ ਮੱਠ (ਕਾਨਵੈਂਟ) ਦੇ ਹਿੱਸੇ ਬੁਲਡੋਜ਼ਰਾਂ ਨਾਲ ਢਾਹ ਦਿੱਤੇ, ਜਿਸ ਕਾਰਨ ਕੌਮਾਂਤਰੀ ਪੱਧਰ ’ਤੇ ਰੋਸ ਪਾਇਆ ਜਾ ਰਿਹਾ ਹੈ। ਇਜ਼ਰਾਈਲ ਅਤੇ ਲੈਬਨਾਨ ਦੇ ਅਤਿਵਾਦੀ ਸੰਗਠਨ ਹਿਜ਼ਬੁੱਲਾ ਵਿਚਾਲੇ 17 ਅਪਰੈਲ ਤੋਂ ਜਾਰੀ ਜੰਗਬੰਦੀ ਦੇ ਬਾਵਜੂਦ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ।
ਸਰਕਾਰੀ ਸੂਤਰਾਂ ਮੁਤਾਬਕ ਇਜ਼ਰਾਇਲੀ ਜਹਾਜ਼ਾਂ ਨੇ ਕਫ਼ਰ ਦਜਾਲ ਵਿੱਚ ਕਾਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਦੋ ਜਣੇ ਮਾਰੇ ਗਏ। ਇਸੇ ਤਰ੍ਹਾਂ ਲਵਾਇਜ਼ਾ ਅਤੇ ਸ਼ੌਕਿਨ ਪਿੰਡਾਂ ਵਿੱਚ ਹੋਏ ਹਮਲਿਆਂ ’ਚ ਪੰਜ ਹੋਰ ਜਣਿਆਂ ਦੀ ਜਾਨ ਚਲੀ ਗਈ। ਇਜ਼ਰਾਇਲੀ ਫ਼ੌਜ ਨੇ ਪਿਛਲੇ 24 ਘੰਟਿਆਂ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ’ਤੇ 50 ਹਵਾਈ ਹਮਲੇ ਕਰਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਹਿਜ਼ਬੁੱਲਾ ਨੇ ਵੀ ਡਰੋਨਾਂ ਰਾਹੀਂ ਇਜ਼ਰਾਇਲੀ ਟੁਕੜੀਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ।
ਮੱਠ ਢਾਹੁਣ ਦੇ ਮਾਮਲੇ ’ਤੇ ਇਜ਼ਰਾਇਲੀ ਫ਼ੌਜ ਨੇ ਕਿਹਾ ਕਿ ਹਿਜ਼ਬੁੱਲਾ ਇਸ ਦੀ ਵਰਤੋਂ ਰਾਕੇਟ ਦਾਗਣ ਲਈ ਕਰਦਾ ਸੀ ਅਤੇ ਉੱਥੇ ਕੋਈ ਧਾਰਮਿਕ ਚਿੰਨ੍ਹ ਨਹੀਂ ਸੀ। ਹਾਲਾਂਕਿ, ਲੈਬਨਾਨੀ ਕੈਥੋਲਿਕ ਚਰਚ ਨੇ ਇਹ ਦਾਅਵੇ ਸਿਰੇ ਤੋਂ ਨਕਾਰ ਦਿੱਤੇ ਹਨ। ਚਰਚ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਇਹ ਸ਼ਾਂਤੀ ਅਤੇ ਸਿੱਖਿਆ ਦੇ ਕੇਂਦਰ ਹਨ, ਨਾ ਕਿ ਫ਼ੌਜੀ ਅੱਡੇ। ਜ਼ਿਕਰਯੋਗ ਹੈ ਕਿ 2 ਮਾਰਚ ਨੂੰ ਸ਼ੁਰੂ ਹੋਈ ਇਸ ਜੰਗ ਵਿੱਚ ਹੁਣ ਤੱਕ 2,659 ਲੋਕ ਮਾਰੇ ਜਾ ਚੁੱਕੇ ਹਨ। ਇਜ਼ਰਾਈਲ ਨੇ ਕਈ ਪਿੰਡ ਖ਼ਾਲੀ ਕਰਨ ਦੀ ਨਵੀਂ ਚਿਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਇਲਾਕੇ ਵਿੱਚ ਮਨੁੱਖੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਦੋਵਾਂ ਦੇਸ਼ਾਂ ਵਿਚਾਲੇ ਤਿੰਨ ਦਹਾਕਿਆਂ ਬਾਅਦ ਸਿੱਧੀ ਗੱਲਬਾਤ ਹੋਈ ਸੀ, ਪਰ ਜ਼ਮੀਨੀ ਹਾਲਾਤ ਹਾਲੇ ਵੀ ਤਣਾਅਪੂਰਨ ਹਨ।

