ਯੇਰੂਸ਼ਲੱਮ, 28 ਅਗਸਤ
ਇਜ਼ਰਾਈਲ ਦੀ ਮਿਲਟਰੀ ਨੇ ਇਕ ਗਲਫਸਟ੍ਰੀਮ 550 ਆਧਾਰਤ ਜਾਸੂਸੀ ਜਹਾਜ਼ ਓਰੋਨ ਦੀ ਟੈਸਟ ਉਡਾਣ ਸ਼ੁਰੂ ਕਰ ਦਿੱਤੀ ਹੈ। ਇਹ ਹਵਾਈ ਜਹਾਜ਼ ਖੁਫ਼ੀਆ ਪ੍ਰਣਾਲੀਆਂ ਨਾਲ ਲੈਸ ਹੈ।
ਸ਼ਨਿਹੁਆ ਨਿਊਜ਼ ਏਜੰਸੀ ਦੀ ਖ਼ਬਰ ਮੁਤਾਬਕ ਰੱਖਿਆ ਮੰਤਰਾਲੇ ਨੇ ਬੀਤੇ ਦਨਿ ਇਕ ਬਿਆਨ ਵਿੱਚ ਕਿਹਾ ਕਿ ਅਤਿ-ਆਧੁਨਿਕ ਹਵਾਈ ਜਹਾਜ਼ ਓਰੋਨ ਵਿੱਚ ਖੁਫ਼ੀਆ ਪ੍ਰਣਾਲੀ ਨੂੰ ਜੋੜਨ ਤੋਂ ਬਾਅਦ ਹੁਣ ਮਿਲਟਰੀ ਨੇ ਇਸ ਦੀ ਟੈਸਟ ਉਡਾਣ ਸ਼ੁਰੂ ਕਰ ਦਿੱਤੀ ਹੈ। ਮੰਤਰਾਲੇ ਨੇ ਕਿਹਾ, ‘‘ਇਹ ਜਹਾਜ਼ ਖ਼ਰਾਬ ਮੌਸਮ ਤੇ ਦੇਖਣ ਦੀ ਸਮਰੱਥਾ ਘੱਟ ਹੋਣ ਦੇ ਬਾਵਜੂਦ ਜੰਗ ਦੇ ਮੈਦਾਨ ਦੀ ਅਸਲ ਹਲਚਲ ’ਤੇ ਨਜ਼ਰ ਰੱਖਣ ਦੀ ਸਮਰੱਥਾ ਨਾਲ ਇਜ਼ਰਾਈਲ ਦੀ ਫ਼ੌਜ ਨੂੰ ਬੇਮਿਸਾਲ ਖੁਫੀਆ ਸਮਰੱਥਾ ਮੁਹੱਈਆ ਕਰਵਾਏਗਾ।’’ ਰੱਖਿਆ ਮੰਤਰਾਲੇ ਦੇ ਮਿਸ਼ਨਡ ਏਅਰਕ੍ਰਾਫਟ ਬਰਾਂਚ ਦੇ ਮੁਖੀ ਜਨਿ੍ਹਾਂ ਦੀ ਪਛਾਣ ਪ੍ਰੈੱਸ ਨੂੰ ਜਾਰੀ ਕੀਤੇ ਗਏ ਉਨ੍ਹਾਂ ਦੇ ਛੋਟੇ ਦਸਤਖਤਾਂ ‘ਵਾਈ’ ਤੋਂ ਕੀਤੀ ਗਈ ਹੈ, ਨੇ ਕਿਹਾ ਕਿ ‘ਓਰੋਨ’ ਇਜ਼ਰਾਇਲੀ ਸੁਰੱਖਿਆ ਬਲਾਂ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਤੋਂ ਨਿਪਟਣ ਲਈ ਪਾਸਾ ਪਲਟਣ ਵਾਲੀਆਂ ਸਮਰੱਥਾਵਾਂ ਮੁਹੱਈਆ ਕਰਵਾਏਗਾ। ਉਨ੍ਹਾਂ ਕਿਹਾ ਕਿ ਹਰੇਕ ਤਰ੍ਹਾਂ ਦੇ ਮੌਸਮ ਅਤੇ ਦੇਖਣ ਦੀ ਸਮਰੱਥਾ ਘੱਟ ਹੋਣ ਦੇ ਬਾਵਜੂਦ ਵਿਆਪਕ ਖੇਤਰ ਵਿੱਚ ਕਈ ਟੀਚਿਆਂ ਨੂੰ ਸਹੀ ਢੰਗ ਨਾਲ ਟਰੈਕ ਕਰਨਾ ਇਸ ਦੀਆਂ ਵੱਖਰੀਆਂ ਸਮਰੱਥਾਵਾਂ ਵਿੱਚ ਸ਼ਾਮਲ ਹੈ। -ਆਈਏਐੱਨਐੱਸ