Hormuz ਬਾਰੇ Iran ਦੀ ਮੰਗ dangerous ਮਿਸਾਲ: Marco Rubio
ਅਮਰੀਕੀ ਵਿਦੇਸ਼ ਮੰਤਰੀ ਵੱਲੋਂ ਆਸੀਆਨ ਮੁਲਕਾਂ ਦੇ ਆਗੂਆਂ ਨੂੰ ਚਿਤਾਵਨੀ
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਨੂੰ ਏਸ਼ਿਆਈ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਹਰਮੁਜ਼ ਨੂੰ ਕੰਟਰੋਲ ਕਰਨ ਤੇ ਉਥੋਂ ਟੌਲ ਵਸੂਲਣ ਦੀ ਇਰਾਨ ਦੀ ਮੰਗ ਆਲਮੀ ਅਰਥਚਾਰੇ ਤੇ ਨੈਵੀਗੇਸ਼ਨ ਦੀ ਆਜ਼ਾਦੀ ਦੇ ਸਿਧਾਂਤ ਲਈ ਖ਼ਤਰਾ ਪੈਦਾ ਕਰੇਗੀ। ਰੂਬੀਓ ਇਥੇ ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਆਸੀਆਨ ਮੁਲਕਾਂ ਦੇ ਆਪਣੇ ਹਮਰੁਤਬਾਵਾਂ ਨਾਲ ਸਾਲਾਨਾ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਰੂਬੀਓ ਨੇ ਕਿਹਾ ਕਿ ਵਾਸ਼ਿੰਗਟਨ ਭਾਵੇਂ ਪੱਛਮੀ ਏਸ਼ੀਆ ਵਿੱਚ ਜੰਗ ’ਚ ਰੁੱਝਾ ਹੈ, ਪਰ ਉਹ 100 ਫ਼ੀਸਦ ਆਸੀਆਨ ਮੁਲਕਾਂ ਨਾਲ ਹੈ। ਉਨ੍ਹਾਂ ਕਿਹਾ, ‘‘ਜੇ ਅਸੀਂ ਮੱਧ ਪੂਰਬ ਵਿੱਚ ਮਿਸਾਲ ਕਾਇਮ ਕਰਦੇ ਹਾਂ ਜਿੱਥੇ ਇੱਕ ਦੇਸ਼ ਇਹ ਫ਼ੈਸਲਾ ਕਰ ਸਕਦਾ ਹੈ ਕਿ ਉਹ ਕਿਸੇ ਕੌਮਾਂਤਰੀ ਜਲ ਮਾਰਗ ਨੂੰ ਕੰਟਰੋਲ ਕਰਨ ਜਾ ਰਿਹਾ ਹੈ, ਟੌਲ ਵਸੂਲੇਗਾ ਅਤੇ ਜੇ ਤੁਸੀਂ ਉਨ੍ਹਾਂ ਨੂੰ ਭੁਗਤਾਨ ਨਹੀਂ ਕਰਦੇ, ਤਾਂ ਤੁਹਾਡੇ ਜਹਾਜ਼ ਉਡਾ ਦੇਵੇਗਾ, ਤਾਂ ਅਸੀਂ ਬਹੁਤ ਹੀ ਖ਼ਤਰਨਾਕ ਮਿਸਾਲ ਕਾਇਮ ਕਰਾਂਗੇ, ਜੋ ਇਸ ਖੇਤਰ ਸਣੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਵੀ ਦੁਹਰਾਈ ਜਾਵੇਗੀ।’’
ਅਮਰੀਕਾ ਦਾ ਕੋਈ ਸਮਝੌਤਾ ਪਰਮਾਣੂ ਪਸਾਰ ਦਾ ਕਾਰਨ ਨਹੀਂ ਬਣੇਗਾ: ਰੂਬੀਓ
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਵੱਲੋਂ ਸਾਊਦੀ ਅਰਬ ਨਾਲ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਜਾਣ ਦੀ ਆਸ ਹੈ, ਜੋ ਸੰਭਾਵੀ ਤੌਰ ’ਤੇ ਸੂਬੇ ਨੂੰ ਉਸ ਦੇ ਗ਼ੈਰ-ਫ਼ੌਜੀ ਪਰਮਾਣੂ ਪ੍ਰੋਗਰਾਮ ਲਈ ਯੂਰੇਨੀਅਮ ਭਰਪੂਰਤਾ ਦੀ ਸਮਰੱਥਾ ਮੁਹੱਈਆ ਕਰ ਸਕਦਾ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਦਸਤਖ਼ਤਸ਼ੁਦਾ ਕੋਈ ਵੀ ਸਮਝੌਤਾ ਪਰਮਾਣੂ ਪਸਾਰ ਵੱਲ ਨਹੀਂ ਲੈ ਕੇ ਜਾਵੇਗਾ। ਇਸ ਸਮਝੌਤੇ ਤਹਿਤ ਸਾਂਝੇ ਅਮਰੀਕਾ-ਸਾਊਦੀ ਅਧਿਐਨ ਤੋਂ ਬਾਅਦ ਸਾਊਦੀ ਅਰਬ ਵਿੱਚ ਯੂਰੇਨੀਅਮ ਭਰਪੂਰਤਾ ਸਹੂਲਤ ਦੇ ਨਿਰਮਾਣ ਦੀ ਇਜਾਜ਼ਤ ਮਿਲ ਸਕਦੀ ਹੈ। ਇਹ ਪੁਸ਼ਟੀ ਫ਼ੈਸਲੇ ਤੋਂ ਜਾਣੂ ਦੋ ਵਿਅਕਤੀਆਂ ਨੇ ਕੀਤੀ ਹੈ, ਜੋ ਵੇਰਵਿਆਂ ’ਤੇ ਚਰਚਾ ਕਰਨ ਲਈ ਅਧਿਕਾਰਤ ਨਹੀਂ ਸਨ। ਉਨ੍ਹਾਂ ਇਹ ਜਾਣਕਾਰੀ ਨਾਮ ਨਾ ਛਾਪਣ ਦੀ ਸ਼ਰਤ ’ਤੇ ਦਿੱਤੀ। ਹਾਲਾਂਕਿ, ਉਨ੍ਹਾਂ ਨੇ ਸਮਝੌਤੇ ਦੀ ਪੁਸ਼ਟੀ ਨਹੀਂ ਕੀਤੀ, ਪਰ ਰੂਬੀਓ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਫ਼ੈਸਲੇ ਦੀ ਹੋ ਰਹੀ ਆਲੋਚਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। -ਏਪੀ
ਅਮਰੀਕੀ ਫ਼ੌਜ ਵੱਲੋਂ 11ਵੀਂ ਰਾਤ ਇਰਾਨ ’ਤੇ ਹਮਲੇ ਜਾਰੀ
ਦੁਬਈ: ਅਮਰੀਕੀ ਫ਼ੌਜ ਨੇ ਬੁੱਧਵਾਰ ਤੜਕੇ ਕਿਹਾ ਕਿ ਉਸ ਨੇ ਇਰਾਨ ’ਤੇ ਲਗਾਤਾਰ 11ਵੀਂ ਰਾਤ ਹਮਲੇ ਕੀਤੇ ਹਨ। ਦੋਵਾਂ ਮੁਲਕਾਂ ਦਰਮਿਆਨ ਜੰਗਬੰਦੀ ਸਮਝੌਤਾ ਟੁੱਟਣ ਮਗਰੋਂ ਅਮਰੀਕਾ ਨੇ ਹਮਲੇ ਤੇਜ਼ ਕਰ ਦਿੱਤੇ ਹਨ ਜਦੋਂਕਿ ਇਰਾਨ ਨੇ ਵੀ ਜਵਾਬੀ ਕਾਰਵਾਈ ’ਚ ਖਾੜੀ ਮੁਲਕਾਂ ਵਿਚਲੇ ਉਸ ਦੇ ਫ਼ੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਹੈ। ਟਕਰਾਅ ਕਰ ਕੇ ਬੁੱਧਵਾਰ ਨੂੰ ਕੌਮਾਂਤਰੀ ਬੈਂਚਮਾਰਕ ਕੱਚੇ ਤੇਲ ਦੀਆਂ ਕੀਮਤਾਂ 92 ਅਮਰੀਕੀ ਡਾਲਰ ਪ੍ਰਤੀ ਬੈਰਲ ਨੂੰ ਟੱਪ ਗਈਆਂ ਜਦੋਂਕਿ ਅਮਰੀਕਾ ਵਿੱਚ ਗੈਸੋਲੀਨ ਦੀ ਕੀਮਤ ਔਸਤ 4 ਅਮਰੀਕੀ ਡਾਲਰ ਫੀ ਗੈਲਨ ਨੂੰ ਪਹੁੰਚ ਗਈਆਂ।

