ਇਰਾਨ ਬਿਨਾਂ ਸ਼ਰਤ ਆਤਮ ਸਮਰਪਣ ਕਰੇ: ਟਰੰਪ
ਵਾਸ਼ਿੰਗਟਨ/ਦੁਬਈ, 17 ਜੂਨਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਕਿਹਾ ਅਤੇ ਦਾਅਵਾ ਕੀਤਾ ਕਿ ਅਮਰੀਕਾ ਜਾਣਦਾ ਹੈ ਕਿ ਇਰਾਨ ਦੇ ਸਰਵਉੱਚ ਨੇਤਾ ਅਯਾਤੁੱਲ੍ਹਾ ਅਲੀ ਖਮੇਨੇਈ ਕਿੱਥੇ ਲੁਕੇ ਹੋਏ ਹਨ ਪਰ ਉਹ ਉਨ੍ਹਾਂ ਨੂੰ ‘ਫਿਲਹਾਲ’ ਨਹੀਂ ਮਾਰਨਾ ਚਾਹੁੰਦੇ। ਉੱਧਰ ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਇਰਾਨ ਵੱਲੋਂ ਯੂਰੇਨੀਅਮ ਦੀ ਸੋਧ ਲਈ ਬਣਾਏ ਜ਼ਮੀਨਦੋਜ਼ ਪਲਾਂਟ ਉੱਤੇ ਸਿੱਧਾ ਹਮਲਾ ਕੀਤਾ ਹੈ।
ਟਰੰਪ ਨੇ ਅੱਜ ਸੋਸ਼ਲ ਮੀਡੀਆ ਪੋਸਟ ’ਚ ਇਰਾਨ ਨੂੰ ‘ਬਿਨਾਂ ਸ਼ਰਤ ਆਤਮ ਸਮਰਪਣ’ ਕਰਨ ਲਈ ਕਿਹਾ ਕਿਉਂਕਿ ਪੰਜ ਦਿਨਾਂ ਤੋਂ ਚੱਲ ਰਿਹਾ ਇਜ਼ਰਾਈਲ-ਇਰਾਨ ਸੰਘਰਸ਼ ਵਧਦਾ ਹੀ ਜਾ ਰਿਹਾ ਹੈ। ਜੀ-7 ਸੰਮੇਲਨ ’ਚੋਂ ਪਰਤਣ ਮਗਰੋਂ ਟਰੰਪ ਨੇ ਕਿਹਾ, ‘ਸਾਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਅਖੌਤੀ ਸਰਵਉੱਚ ਆਗੂ ਕਿੱਥੇ ਲੁਕਿਆ ਹੋਇਆ ਹੈ। ਉਹ ਬਹੁਤ ਸੌਖਾ ਸ਼ਿਕਾਰ ਹੈ ਪਰ ਉੱਥੇ ਸੁਰੱਖਿਅਤ ਹੈ। ਸਾਡਾ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ।’ ਇਸੇ ਦੌਰਾਨ ਇਜ਼ਰਾਇਲੀ ਫੌਜ ਨੇ ਇਰਾਨ ਦੇ ਨਤਾਨਜ਼ ਵਿਚਲੇ ਪਰਮਾਣੂ ਕੰਪਲੈਕਸ ਨੂੰ ਨਿਸ਼ਾਨਾ ਬਣਾਇਆ ਹੈ। ਸੰਯੁਕਤ ਰਾਸ਼ਟਰ ਦੀ ਪਰਮਾਣੂ ਨਿਗਰਾਨ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਨੇ ਇਰਾਨ ਵੱਲੋਂ ਯੂਰੇਨੀਅਮ ਦੀ ਸੋਧ ਲਈ ਬਣਾਏ ਜ਼ਮੀਨਦੋਜ਼ ਪਲਾਂਟ ਉੱਤੇ ਸਿੱਧਾ ਹਮਲਾ ਕੀਤਾ ਹੈ। ਏਜੰਸੀ ਨੇ ਹਾਲਾਂਕਿ ਆਪਣੀ ਮੁੱਢਲੀ ਰਿਪੋਰਟ ਵਿਚ ਇਸ ਪਲਾਂਟ ਨੂੰ ਅਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਣ ਦੀ ਗੱਲ ਆਖੀ ਸੀ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੇ ਅੱਜ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਇਰਾਨ ਦੀ ਨਤਾਨਜ਼ ਵਿਚਲੀ (ਯੂਰੇਨੀਅਮ ਸੋਧਣ) ਵਾਲੀ ਸਾਈਟ ’ਤੇ ਹਵਾਈ ਹਮਲਿਆਂ ਦਾ ਜ਼ਮੀਨਦੋਜ਼ ਪਲਾਂਟ ਵਿਚਲੇ ਸੈਂਟਰੀਫਿਊਜ਼ ਹਾਲ ’ਤੇ ਸਿੱਧਾ ਅਸਰ ਪਏਗਾ। ਇਜ਼ਰਾਈਲ ਵੱਲੋਂ ਕੀਤੇ ਗਏ ਨਵੇਂ ਹਵਾਈ ਹਮਲੇ ਪਿਛਲੇ ਪੰਜ ਦਿਨਾਂ ਤੋਂ ਜਾਰੀ ਹਮਲਿਆਂ ਦੀ ਹੀ ਕੜੀ ਹੈ, ਜਿਸ ਦਾ ਮੁੱਖ ਨਿਸ਼ਾਨਾ ਇਰਾਨ ਦਾ ਫੌਜੀ ਤੇ ਪਰਮਾਣੂ ਪ੍ਰੋਗਰਾਮ ਹੈ। ਉਂਝ ਇਹ ਪਹਿਲੀ ਵਾਰ ਹੈ ਜਦੋਂ ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨੀ ਸਮੂਹ ਨੇ ਨਤਾਨਜ਼ ਦੇ ਜ਼ਮੀਨਦੋਜ਼ ਹਿੱਸਿਆਂ ਵਿੱਚ ਹੋਏ ਹਮਲਿਆਂ ਕਰਕੇ ਹੋਏ ਨੁਕਸਾਨ ਦੀ ਸਮੀਖਿਆ ਕੀਤੀ ਹੈ। ਇਹ ਸਾਈਟ ਈਰਾਨ ਦੇ ਪਰਮਾਣੂ ਪ੍ਰੋਗਰਾਮ ਦਾ ਮੁੱਖ ਸੰਸ਼ੋਧਨ ਕੇਂਦਰ ਹੈ। ਆਈਏਈਏ ਨੇ ਸ਼ੁੱਕਰਵਾਰ ਦੇ ਹਮਲਿਆਂ ਤੋਂ ਬਾਅਦ ਇਕੱਤਰ ਕੀਤੀਆਂ ਹਾਈ-ਰੈਜ਼ੋਲਿਊਸ਼ਨ ਉਪਗ੍ਰਹਿ ਤਸਵੀਰਾਂ ਦੀ ਸਮੀਖਿਆ ਦੇ ਆਧਾਰ ’ਤੇ ਕੁਝ ਵਾਧੂ ਤੱਤਾਂ ਦੀ ਪਛਾਣ ਕੀਤੀ ਹੈ ਜੋ ਨਤਾਨਜ਼ ਵਿਚ ਜ਼ਮੀਨਦੋਜ਼ ਸੰਸ਼ੋਧਨ ਹਾਲਾਂ ’ਤੇ ਸਿੱਧੇ ਅਸਰ ਨੂੰ ਦਰਸਾਉਂਦੇ ਹਨ।’’ ਇਜ਼ਰਾਈਲ ਨੇ ਮੰਗਲਵਾਰ ਨੂੰ ਵੀ ਇਰਾਨ ’ਤੇ ਹਮਲੇ ਜਾਰੀ ਰੱਖੇ, ਜਦੋਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਵਿਚ ਇਰਾਨ ਦੇ ਲੋਕਾਂ ਨੂੰ ਤਹਿਰਾਨ ਛੱਡਣ ਦੀ ਚਿਤਾਵਨੀ ਦਿੱਤੀ ਹੈ। -ਏਪੀ
ਇਜ਼ਰਾਈਲ-ਇਰਾਨ ਨੂੰ ਜੰਗ ਰੋਕਣ ਦਾ ਸੱਦਾ
ਦੁਬਈ: ਵੀਹ ਮੁਲਕਾਂ ਨੇ ਸਾਂਝੇ ਬਿਆਨ ’ਚ ਮੱਧ ਪੂਰਬ ’ਚ ਵਧਦੇ ਤਣਾਅ ਦੀ ਆਲੋਚਨਾ ਕੀਤੀ ਅਤੇ ਖੇਤਰ ’ਚ ਸਥਿਰਤਾ ਬਹਾਲ ਕਰਨ ਅਤੇ ਕੂਟਨੀਤੀ ਤੇ ਗੱਲਬਾਤ ਦਾ ਸੱਦਾ ਦਿੱਤਾ। ਬਿਆਨ ’ਚ ਕਿਹਾ ਗਿਆ ਹੈ, ‘ਇਰਾਨ ਖ਼ਿਲਾਫ਼ ਇਜ਼ਰਾਈਲ ਦੀ ਦੁਸ਼ਮਣੀ ਰੋਕਣਾ ਬਹੁਤ ਜ਼ਰੂਰੀ ਹੈ ਅਤੇ ਜੰਗਬੰਦੀ ਤੇ ਸ਼ਾਂਤੀ ਬਹਾਲ ਕਰਨ ਲਈ ਤਣਾਅ ਘਟਾਉਣ ਦੀ ਦਿਸ਼ਾ ’ਚ ਕੰਮ ਕਰਨਾ ਚਾਹੀਦਾ ਹੈ।’ ਅਲਜੀਰੀਆ, ਬਹਿਰੀਨ, ਬਰੁਏਈ, ਚਾਡ, ਦਿ ਕੋਮੋਰੋਸ, ਜਿਬੂਤੀ, ਮਿਸਰ, ਇਰਾਕ, ਜੌਰਡਨ, ਕੁਵੈਤ ਤੇ ਲਿਬੀਆ ਵਿਦੇਸ਼ ਮੰਤਰੀਆਂ ਨੇ ਫੌਜੀ ਮੁਹਿੰਮਾਂ ਰਾਹੀਂ ਮਸਲੇ ਦਾ ਹੱਲ ਲੱਭਣ ਦਾ ਵਿਰੋਧ ਕੀਤਾ ਹੈ। ਪਾਕਿਸਤਾਨ, ਕਤਰ, ਸਾਊਦੀ ਅਰਬ ਤੇ ਸੋਮਾਲੀਆ, ਸੂਡਾਨ, ਤੁਰਕੀ, ਓਮਾਨ ਤੇ ਯੂਏਈ ਨੇ ਵੀ ਤਣਾਅ ਵਧਾਉਣ ਦੀ ਆਲੋਚਨਾ ਕੀਤੀ ਹੈ। ਇਸੇ ਵਿਚਾਲੇ ਫਰਾਂਸ ਦੇ ਵਿਦੇਸ਼ ਮੰਤਰੀ ਯਾਂ ਨੋਏਲ ਬੈਰੋ ਨੇ ਲੰਘੀ ਰਾਤ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨਾਲ ਗੱਲ ਕੀਤੀ ਅਤੇ ਉਸ ਤੋਂ ਬਾਅਦ ਇਰਾਨ, ਬਰਤਾਨੀਆ ਤੇ ਜਰਮਨੀ ਦੇ ਵਿਦੇਸ਼ ਮੰਤਰੀਆਂ ਨਾਲ ਗੱਲ ਕਰਕੇ ਮੱਧ ਪੂਰਬ ’ਚ ਬਣੇ ਹਾਲਾਤ ਬਾਰੇ ਚਰਚਾ ਕੀਤੀ। ਫਰਾਂਸ, ਬਰਤਾਨੀਆ ਤੇ ਜਰਮਨੀ ਦੇ ਮੰਤਰੀਆਂ ਨੇ ਇਰਾਨੀ ਵਿਦੇਸ਼ ਮੰਤਰੀ ਨੂੰ ਤਣਾਅ ਘਟਾਉਣ ਦੇ ਕੂਟਨੀਤੀ ਦੀ ਵਾਪਸੀ ਦੀ ਲੋੜ ਬਾਰੇ ਸਾਂਝਾ ਸੁਨੇਹਾ ਦਿੱਤਾ। -ਏਪੀ