ਇਰਾਨ ਦੇ ਕੇਂਦਰੀ ਮਰਕਜ਼ੀ ਸੂਬੇ ਵਿੱਚ ਇੱਕ ਯਾਤਰੀ ਬੱਸ ਪਲਟਣ ਕਾਰਨ 11 ਜਣਿਆਂ ਦੀ ਮੌਤ ਹੋ ਗਈ ਹੈ ਅਤੇ 24 ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਟੈਲੀਵਿਜ਼ਨ ਨੇ ਸ਼ਨਿਚਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ। ਇਹ ਹਾਦਸਾ ਸਾਵੇਹ-ਹਮੇਦਾਨ ਫਰੀਵੇਅ 'ਤੇ ਵਾਪਰਿਆ। ਸੂਬਾਈ ਟਰੈਫਿਕ ਪੁਲੀਸ ਮੁਤਾਬਕ ਇਹ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ, ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਬੱਸ ਕਿੱਥੇ ਜਾ ਰਹੀ ਸੀ।
ਜ਼ਿਕਰਯੋਗ ਹੈ ਕਿ ਇਰਾਨ ਵਿੱਚ ਲੋਕ ਟਰੈਫਿਕ ਸੁਰੱਖਿਆ ਦਾ ਧਿਆਨ ਨਹੀਂ ਰੱਖਦੇ ਤੇ ਇਹ ਦੁਨੀਆ ਦੇ ਸਭ ਤੋਂ ਮਾੜੇ ਟਰੈਫਿਕ ਸੁਰੱਖਿਆ ਪ੍ਰਬੰਧ ਰੱਖਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਸੜਕ ਹਾਦਸਿਆਂ ਵਿੱਚ ਹਰ ਸਾਲ 17,000 ਤੋਂ ਵੱਧ ਲੋਕ ਆਪਣੀ ਜਾਨ ਗੁਆ ਲੈਂਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਉੱਚ ਮੌਤ ਦਰ ਦੇ ਮੁੱਖ ਕਾਰਨ ਅਸੁਰੱਖਿਅਤ ਵਾਹਨ, ਟਰੈਫਿਕ ਨਿਯਮਾਂ ਦੀ ਵਿਆਪਕ ਅਣਦੇਖੀ ਅਤੇ ਨਾਕਾਫ਼ੀ ਐਮਰਜੈਂਸੀ ਸੇਵਾਵਾਂ ਹਨ। ਇਸ ਤੋਂ ਪਹਿਲਾਂ ਇਸੇ ਮਹੀਨੇ ਪੱਛਮੀ ਸ਼ਹਿਰ ਸਨੰਦਜ ਨੇੜੇ ਇੱਕ ਤੇਲ ਦਾ ਟੈਂਕਰ ਹੋਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਧਮਾਕੇ ਨਾਲ ਫਟ ਗਿਆ ਸੀ, ਜਿਸ ਵਿੱਚ ਵੀ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 7 ਹੋਰ ਜ਼ਖ਼ਮੀ ਹੋਏ ਸਨ।

