ਦੁਬਈ, 21 ਸਤੰਬਰ
ਇਰਾਨ ਦੀ ਸੰਸਦ ਨੇ ਇੱਕ ਬਿੱਲ ਪਾਸ ਕੀਤਾ ਹੈ ਜਿਸ ਤਹਿਤ ਜਨਤਕ ਥਾਵਾਂ ’ਤੇ ਹਿਜਾਬ ਪਹਿਨਣ ਤੋਂ ਇਨਕਾਰ ਕਰਨ ਵਾਲੀਆਂ ਮਹਿਲਾਵਾਂ ਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ’ਤੇ ਭਾਰੀ ਜੁਰਮਾਨਾ ਲਾਇਆ ਜਾਵੇਗਾ। ਇਰਾਨ ਨੇ ਇਹ ਕਦਮ 22 ਸਾਲਾ ਮਹਿਸਾ ਅਮੀਨੀ ਦੀ ਮੌਤ ਨੂੰ ਇੱਕ ਸਾਲ ਪੂਰਾ ਹੋਣ ਤੋਂ ਕੁਝ ਸਮੇਂ ਬਾਅਦ ਚੁੱਕਿਆ ਹੈ। ਮਹਿਸਾ ਅਮੀਨੀ ਨੂੰ ਇਸਲਾਮਿਕ ਰਵਾਇਤੀ ਕੱਪੜਿਆਂ ਦਾ ਪਾਲਣ ਨਾ ਕਰਨ ਦੇ ਦੋਸ਼ ਹੇਠ ‘ਮੋਰੈਲਿਟੀ ਪੁਲੀਸ’ ਨੇ ਹਿਰਾਸਤ ਵਿੱਚ ਲਿਆ ਸੀ। ਬਾਅਦ ਵਿੱਚ ਅਮੀਨੀ ਦੀ ਪੁਲੀਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਸ ਘਟਨਾ ਦੇ ਵਿਰੋਧ ਵਿੱਚ ਦੇਸ਼ ’ਚ ਕਈ ਮਹੀਨਿਆਂ ਤੱਕ ਰੋਸ ਮੁਜ਼ਾਹਰੇ ਹੋਏ ਸੀ ਅਤੇ ਸੱਤਾ ਵਿਰੋਧੀ ਸੁਰਾਂ ਵੀ ਤੇਜ਼ ਹੋਈਆਂ ਸਨ। ਹਿਜਾਬ ਨੂੰ ਲੈ ਕੇ ਪਾਸ ਇਸ ਬਿੱਲ ਵਿੱਚ ਹਿਜਾਬ ਨਾ ਪਾਉਣ ’ਤੇ ਮਹਿਲਾਵਾਂ ਨੂੰ ਭਾਰੀ ਜੁਰਮਾਨੇ ਤੋਂ ਇਲਾਵਾ ਉਨ੍ਹਾਂ ਕਾਰੋਬਾਰੀਆਂ ਨੂੰ ਵੀ ਸਜ਼ਾ ਦੇਣ ਦੀ ਤਜਵੀਜ਼ ਹੈ ਜੋ ਹਿਜਾਬ ਨਾ ਪਹਿਨਣ ਵਾਲੀਆਂ ਮਹਿਲਾਵਾਂ ਨੂੰ ਸਾਮਾਨ ਵੇਚਦੇ ਹਨ ਜਾਂ ਹੋਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। -ਪੀਟੀਆਈ