Indian Students ਦੇਸ਼ ਤੇ World ਵਿਚਾਲੇ ਵੱਡਾ ਪੁਲ: Shilpak Ambule
ਸਿੰਗਾਪੁਰ ’ਚ ਭਾਰਤੀ ਰਾਜਦੂਤ ਨੇ ਇੰਡੀਅਨ ਸਕਾਲਰਜ਼ ਐਸੋਸੀਏਸ਼ਨ ਦੇ ਸਮਾਗਮ ਨੂੰ ਸੰਬੋਧਨ ਕੀਤਾ
ਸਿੰਗਾਪੁਰ ਵਿੱਚ ਭਾਰਤੀ ਰਾਜਦੂਤ ਸ਼ਿਲਪਕ ਅੰਬੁਲੇ ਨੇ ਅੱਜ ਇੱਥੇ ਕਰਵਾਏ ਗਏ ਸਮਾਗਮ ਦੌਰਾਨ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਭਾਰਤ ਅਤੇ ਦੁਨੀਆ ਵਿਚਾਲੇ ਸਭ ਤੋਂ ਵੱਡਾ ਪੁਲ਼ ਕਰਾਰ ਦਿੱਤਾ ਹੈ। ਇਹ ਸਮਾਗਮ ਇੰਡੀਅਨ ਸਕਾਲਰਜ਼ ਐਸੋਸੀਏਸ਼ਨ (ਆਈ ਐੱਸ ਏ) ਵੱਲੋਂ ਦਿ ਸਟਰੇਟਸ ਕਨੈਕਟ ਕਨਕਲੇਵ ਦੇ ਨਾਂ ਹੇਠ ਕਰਵਾਇਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਅੰਬੁਲੇ ਨੇ ਕਿਹਾ ਕਿ ਪਿਛਲੇ ਤਿੰਨ-ਚਾਰ ਸਾਲਾਂ ਦੌਰਾਨ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ ਕਈ ਵਿਦਿਆਰਥੀਆਂ ਨੇ ਸਿੰਗਾਪੁਰ ਦੇ ਨਾਲ-ਨਾਲ ਦੁਨੀਆ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਸਫਲ ਕਾਰੋਬਾਰੀਆਂ ਵਜੋਂ ਆਪਣੀ ਪਛਾਣ ਬਣਾਈ ਹੈ। ਉਨ੍ਹਾਂ ਦੱਸਿਆ ਕਿ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਸਟਾਰਟਅੱਪਸ ਨੂੰ ਸਿੰਗਾਪੁਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਤਹਿਤ ਨਵੰਬਰ ਵਿੱਚ ਵੱਡਾ ਹੈਕਾਥੌਨ ਵੀ ਕਰਵਾਇਆ ਜਾਵੇਗਾ। ਆਈ ਐੱਸ ਏ ਦੇ ਪ੍ਰਧਾਨ ਰਾਹੁਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਾਰਤ ਅਤੇ ਸਿੰਗਾਪੁਰ ਵਿਚਾਲੇ ਵਪਾਰ, ਸਿੱਖਿਆ, ਸੱਭਿਆਚਾਰ ਅਤੇ ਕਾਰੋਬਾਰ ਸਮੇਤ ਵੱਖ-ਵੱਖ ਖੇਤਰਾਂ ਵਿੱਚ ਆਪਸੀ ਸਮਝ ਅਤੇ ਸਹਿਯੋਗ ਵਧਾਉਣ ਲਈ ਅਹਿਮ ਭੂਮਿਕਾ ਨਿਭਾ ਰਹੀ ਹੈ।

