
ਗਲਾਸਗੋ ’ਚ ਜਲਵਾਯੂ ਸਿਖਰ ਸੰਮੇਲਨ ਦੌਰਾਨ ਆਪਸ ’ਚ ਕੋਈ ਨੁਕਤਾ ਸਾਂਝਾ ਕਰਦੇ ਹੋਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼। -ਫੋਟੋ: ਪੀਟੀਆਈ
ਗਲਾਸਗੋ, 1 ਨਵੰਬਰ
ਮੁੱਖ ਅੰਸ਼
- ਗਲਾਸਗੋ ’ਚ ਸੀਓਪੀ26 ਸੰਮੇਲਨ ਸ਼ੁਰੂ
- ਮੋਦੀ ਨੇ ਬੋਰਿਸ ਜੌਹਨਸਨ ਕੋਲ ਖਾਲਿਸਤਾਨੀ ਗਤੀਵਿਧੀਆਂ ਦਾ ਮੁੱਦਾ ਉਭਾਰਿਆ: ਸੂਤਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਸੀਓਪੀ-26 ਸਿਖਰ ਸੰਮੇਲਨ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਾਤਾਵਰਣ ਨਾਲ ਸਬੰਧਤ ਮੁੱਦਿਆਂ ਨਾਲ ਸਿੱਝਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਵਿੱਚ ਜੀਵਨਸ਼ੈਲੀ ਵਿਚ ਬਦਲਾਅ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਹੋਰ ਮੁਲਕਾਂ ਨੂੰ ਕਿਹਾ ਕਿ ਉਹ ਇਕ ਖਰਬ ਡਾਲਰ ਦਾ ਜਲਵਾਯੂ ਫੰਡ ਯਕੀਨੀ ਬਣਾਉਣ। ਸ੍ਰੀ ਮੋਦੀ ਨੇ ਕਿਹਾ ਕਿ ਪੈਰਿਸ ਸਮਝੌਤਾ ਭਾਰਤ ਲਈ ਵਚਨਬੱਧਤਾ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਗਰੀਨ ਐਨਰਜੀ ਨੂੰ ਅਹਿਮੀਅਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ 2030 ਤਕ 500 ਗੀਗਾਬਾਈਟ ਊਰਜਾ ਬਣਾਏਗਾ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ 2030 ਤਕ ਭਾਰਤ ਇਕ ਅਰਬ ਟਨ ਕਾਰਬਨ ਨਿਕਾਸੀ ਘਟਾਏਗਾ ਅਤੇ 2070 ਤਕ ਮੁਲਕ ਨੈਟ ਜ਼ੀਰੋ ਦੇ ਟੀਚੇ ਨੂੰ ਹਾਸਲ ਕਰ ਲਏਗਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅੱਜ ਗਲਾਸਗੋ (ਯੂਕੇ) ਵਿਚ ਕਾਨਫ਼ਰੰਸ ਆਫ਼ ਪਾਰਟੀਜ਼ (ਸੀਓਪੀ26) ਜਲਵਾਯੂ ਸਿਖ਼ਰ ਸੰਮੇਲਨ ਦੀ ਸ਼ੁਰੂਆਤ ਮੌਕੇ ਚਿਤਾਵਨੀ ਦਿੱਤੀ ਕਿ ਧਰਤੀ ਦਾ ਤਾਪਮਾਨ ਦੋ ਡਿਗਰੀ ਹੋਰ ਵਧਣ ਨਾਲ ਖ਼ੁਰਾਕ ਸਪਲਾਈ ਖਤਰੇ ਵਿਚ ਪੈ ਜਾਵੇਗੀ, ਤਿੰਨ ਡਿਗਰੀ ਵਾਧਾ ਹੋਰ ਜ਼ਿਆਦਾ ਜੰਗਲਾਂ ਨੂੰ ਖ਼ਾਕ ਕਰੇਗਾ, ਤੂਫ਼ਾਨ ਲਿਆਏਗਾ, ਤੇ ਜਦ ਚਾਰ ਡਿਗਰੀ ਤਾਪਮਾਨ ਵੱਧ ਗਿਆ ਤਾਂ ‘ਅਸੀਂ ਸਾਰੇ ਸ਼ਹਿਰਾਂ ਨੂੰ ਅਲਵਿਦਾ ਕਹਿ ਚੁੱਕੇ ਹੋਵਾਂਗੇ।’ ਜੌਹਨਸਨ ਨੇ ਵਿਸ਼ਵ ਦੇ ਆਗੂਆਂ ਦੀ ਤੁਲਨਾ ਜੇਮਸ ਬਾਂਡ ਨਾਲ ਕੀਤੀ, ਤੇ ਕਿਹਾ ਕਿ ਬਾਂਡ ਜ਼ਿਆਦਾਤਰ ਆਪਣੀਆਂ ਫ਼ਿਲਮਾਂ ਦਾ ਅੰਤ ਅਜਿਹੀਆਂ ਤਾਕਤਾਂ ਨੂੰ ਰੋਕਦਿਆਂ ਕਰਦਾ ਹੈ ਜੋ ਸੰਸਾਰ ਨੂੰ ਖ਼ਤਮ ਕਰਨ ਵੱਲ ਵੱਧ ਰਹੀਆਂ ਹੁੰਦੀਆਂ ਹਨ। ਇਸੇ ਦੌਰਾਨ ਯੂਕੇ ਨੇ ਅੱਜ ‘ਇੰਡੀਆ ਗਰੀਨ ਗਾਰੰਟੀ’ ਮੁਹਿੰਮ ਨੂੰ ਲਾਂਚ ਕੀਤਾ। ਯੂਕੇ ਵਿਸ਼ਵ ਬੈਂਕ ਦੀ ਮਦਦ ਨਾਲ ਭਾਰਤ ਲਈ ਵਾਧੂ 750 ਮਿਲੀਅਨ ਪਾਊਂਡ ਦੇ ਫੰਡ ਖੋਲ੍ਹੇਗਾ। ਇਨ੍ਹਾਂ ਦੀ ਮਦਦ ਨਾਲ ਭਾਰਤ ਵਿਚ ਸਾਫ਼-ਸੁਥਰੀ ਊਰਜਾ ਵਾਲੇ ਪ੍ਰਾਜੈਕਟ ਲਾਏ ਜਾਣਗੇ। ਇਸ ਬਾਰੇ ਐਲਾਨ ਸੀਓਪੀ26 ਵਿਚ ਹੀ ਕੀਤਾ ਗਿਆ ਹੈ। ‘ਗਰੀਨ ਗਾਰੰਟੀ’ ਤਹਿਤ ਸਾਫ਼ ਊਰਜਾ, ਟਰਾਂਸਪੋਰਟ ਤੇ ਸ਼ਹਿਰੀ ਵਿਕਾਸ ਖੇਤਰ ਚੁਣੇ ਗਏ ਹਨ। ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਹੁਲਾਰਾ ਦੇਣ ਲਈ ਵੀ ਮਦਦ ਦਿੱਤੀ ਜਾਵੇਗੀ। ਭਾਰਤ ਵਿਚ ਈਵੀ ਵਾਹਨਾਂ ਦੇ ਨਿਰਮਾਣ ਲਈ ਸਕੀਮਾਂ ਲਿਆਂਦੀਆਂ ਜਾਣਗੀਆਂ।
ਮੋਦੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਮਿਲੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸਕੌਟਲੈਂਡ ਦੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਕੀਤੀ। ਮੋਦੀ ਐਤਵਾਰ ਰਾਤ ਗਲਾਸਗੋ ਪੁੱਜੇ ਸਨ। ਭਾਰਤੀ ਮੂਲ ਦੇ ਲੋਕਾਂ ਨਾਲ ਮੁਲਾਕਾਤ ਤੋਂ ਬਾਅਦ ਉਹ ਸੀਓਪੀ26 ਜਲਵਾਯੂ ਕਾਨਫਰੰਸ ਦੇ ਉਦਘਾਟਨੀ ਸਮਾਗਮ ਲਈ ਰਵਾਨਾ ਹੋ ਗਏ। ਕਰੀਬ 45 ਜਣੇ ਗਲਾਸਗੋ ਤੇ ਐਡਿਨਬਰਾ ਤੋਂ ਭਾਰਤੀ ਪ੍ਰਧਾਨ ਮੰਤਰੀ ਨੂੰ ਮਿਲਣ ਆਏ ਸਨ।
ਜਲਵਾਯੂ ਕਾਨਫ਼ਰੰਸ ਦੇ ਮੱਦੇਨਜ਼ਰ ਜੈਰਾਮ ਰਮੇਸ਼ ਨੇ ਮੋਦੀ ’ਤੇ ਸੇਧਿਆ ਨਿਸ਼ਾਨਾ
ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੌਮਾਂਤਰੀ ਪੱਧਰ ’ਤੇ ਤਾਂ ਸੁਰਖੀਆਂ ਬਟੋਰ ਰਹੇ ਹਨ ਪਰ ਇੱਥੇ ਦੇਸ਼ ਵਿਚ ਵਾਤਾਵਰਨ ਤੇ ਜੰਗਲਾਤ ਕਾਨੂੰਨਾਂ ਨੂੰ ਖੋਖ਼ਲੇ ਕੀਤਾ ਜਾ ਰਿਹਾ ਹੈ। ਰਮੇਸ਼ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਵੱਲੋਂ ਗਲਾਸਗੋ ਵਿਚ ਇਹ ਐਲਾਨ ਕੀਤੇ ਜਾਣ ਦਾ ਸੰਭਾਵਨਾ ਹੈ ਕਿ ਭਾਰਤ 2030 ਤੱਕ ਨਵਿਆਉਣਯੋਗ ਊਰਜਾ ਦੀ ਆਪਣੀ ਸਮਰੱਥਾ ਦੁੱਗਣੀ ਤੋਂ ਵੱਧ ਕਰੇਗਾ ਪਰ ਇਹ ਸੰਭਵ ਨਹੀਂ ਜਾਪਦਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ