ਭਾਰਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਉਸ ਮਤੇ ਦੇ ਹੱਕ ਵਿੱਚ ਵੋਟ ਦਿੱਤੀ ਹੈ, ਜਿਸ ਦਾ ਉਦੇਸ਼ ਆਲਮੀ ਨਕਸ਼ੇ ਵਿੱਚ ਸੁਧਾਰ ਕਰ ਕੇ ਮਹਾਦੀਪੀ ਭੂ-ਖੇਤਰਾਂ ਨੂੰ ‘ਵਧੇਰੇ ਠੀਕ ਢੰਗ ਨਾਲ ਦਰਸਾਉਣਾ’ ਹੈ।
ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ 193 ਮੈਂਬਰਾਂ ਨੇ ਸ਼ੁੱਕਰਵਾਰ ਨੂੰ ‘ਨਕਸ਼ੇ ਵਿੱਚ ਸੁਧਾਰ’ ਗਲੋਬਲ ਮੈਪਿੰਗ ਪ੍ਰਤੀਨਿਧਤਾ ਨੂੰ ਸੰਤੁਲਿਤ ਕਰਨਾ ਅਤੇ ਦੁਨੀਆ ਦੇ ਵੱਖ-ਵੱਖ ਖੇਤਰਾਂ, ਖ਼ਾਸਕਰ ਅਫਰੀਕਾ ਲਈ ਬਰਾਬਰ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਣਾ’ ਸਿਰਲੇਖ ਵਾਲਾ ਮਤਾ ਭਾਰੀ ਬਹੁਮਤ ਨਾਲ ਪਾਸ ਕੀਤਾ।
ਟੋਗੋ ਵੱਲੋਂ ਪੇਸ਼ ਮਤੇ ਦੇ ਪੱਖ ਵਿੱਚ 164 ਦੇਸ਼ਾਂ ਨੇ ਵੋਟ ਪਾਈ। ਅਸਤੋਨੀਆ, ਜੌਰਜੀਆ, ਲਿਥੂਆਨੀਆ, ਮੋਲਦੋਵਾ, ਸਰਬੀਆ ਅਤੇ ਯੂਕਰੇਨ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ; ਅਮਰੀਕਾ ਨੇ ਇਸ ਖ਼ਿਲਾਫ਼ ਵੋਟ ਪਾਈ।
ਮਤੇ ਵਿੱਚ ਕਿਹਾ ਗਿਆ ਕਿ ‘ਮਰਕੇਟਰ ਪ੍ਰੋਜੈਕਸ਼ਨ’ (ਵਿਸ਼ਵ ਨਕਸ਼ੇ ਬਣਾਉਣ ਦਾ ਇੱਕ ਤਰੀਕਾ), ਜੋ 16ਵੀਂ ਸਦੀ ਵਿੱਚ ਨੇਵੀਗੇਸ਼ਨਲ ਉਦੇਸ਼ਾਂ ਲਈ ਵਿਕਸਤ ਕੀਤਾ ਗਿਆ ਸੀ, ਅਜੇ ਵੀ ਵਿੱਦਿਅਕ ਸਮੱਗਰੀ, ਮੀਡੀਆ, ਡਿਜੀਟਲ ਪਲੈਟਫਾਰਮਾਂ ਅਤੇ ਅਧਿਕਾਰਤ ਦਸਤਾਵੇਜ਼ਾਂ ਵਿੱਚ ਵਿਆਪਕ ਤੌਰ ’ਤੇ ਵਰਤਿਆ ਜਾਂਦਾ ਹੈ, ਭਾਵੇਂ ਇਹ ਭੂਮੱਧ ਰੇਖਾ ਤੋਂ ਦੂਰ ਸਥਿਤ ਉੱਤਰ ਅਤੇ ਦੱਖਣ ਵੱਲ ਦੇ ਭੂ-ਖੇਤਰਾਂ ਦੇ ਆਕਾਰ ਨੂੰ ਕਾਫ਼ੀ ਵਿਗਾੜਦਾ ਹੈ।
ਮਤੇ ਵਿੱਚ ਇਸ ਗੱਲ ’ਤੇ ਵੀ ਚਿੰਤਾ ਜ਼ਾਹਰ ਕੀਤੀ ਗਈ ਕਿ ‘ਇਸ ਵਿਗਾੜ ਕਾਰਨ ਅਫਰੀਕਾ, ਲਾਤੀਨੀ ਅਮਰੀਕਾ ਅਤੇ ਦੱਖਣੀ ਏਸ਼ੀਆ ਦਾ ਆਕਾਰ ਅਸਲ ਦੇ ਮੁਕਾਬਲੇ ਛੋਟਾ ਦਿਖਾਈ ਦਿੰਦਾ ਹੈ ਅਤੇ ਦੁਨੀਆ ਦੀ ਅਸੰਤੁਲਿਤ ਤਸਵੀਰ ਦਿਖਦੀ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕਟਰੀ ਰਘੂ ਪੁਰੀ ਨੇ ਜਨਰਲ ਅਸੈਂਬਲੀ ਵਿੱਚ ਵੋਟ ’ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਭਾਰਤ ਵਧੇਰੇ ਦਰੁਸਤ ਅਤੇ ਸੰਤੁਲਿਤ ਮੈਪਿੰਗ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੇ ਪ੍ਰਸਤਾਵ ਦੇ ਉਦੇਸ਼ ਦਾ ‘ਸਵਾਗਤ’ ਕਰਦਾ ਹੈ।
ਉਨ੍ਹਾਂ ਕਿਹਾ, ‘‘ਸਾਡਾ ਮੰਨਣਾ ਹੈ ਕਿ ਸਮਾਜ ਭੂਗੋਲ ਅਤੇ ਆਪਣੇ ਆਸ-ਪਾਸ ਦੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਤੁਲਨਾਤਮਕ ਆਕਾਰ ਨੂੰ ਕਿਸ ਤਰ੍ਹਾਂ ਸਮਝਦਾ ਹੈ, ਇਸ ਵਿੱਚ ਨਕਸ਼ੇ ਦੀ ਭੂਮਿਕਾ ਅਹਿਮ ਹੁੰਦੀ ਹੈ। ਇਸ ਮਤੇ ਨੂੰ ਬਰਾਬਰ ਖੇਤਰ ਦੇ ਨਕਸ਼ੇ ਦੇ ਅਨੁਮਾਨਾਂ ਦੀ ਵਿਆਪਕ ਵਰਤੋਂ ਅਤੇ ਵਿਚਾਰ ਦੇ ਸਮਰਥਨ ਵਜੋਂ ਸਮਝਿਆ ਜਾਣਾ ਚਾਹੀਦਾ ਹੈ, ਨਾ ਕਿ ਬਰਾਬਰ ਧਰਤੀ ਦੇ ਅਨੁਮਾਨ ਜਾਂ ਕਿਸੇ ਹੋਰ ਖ਼ਾਸ ਨਕਸ਼ੇ ਦੇ ਅਨੁਮਾਨ ਦਾ ਸਮਰਥਨ ਕਰਨ ਵਜੋਂ।’’
ਪਾਕਿਸਤਾਨ ਨੇ ਵੀ ਮਤੇ ਦੇ ਹੱਕ ਵਿੱਚ ਵੋਟ ਦਿੰਦਿਆਂ ਕਿਹਾ ਕਿ ਉਹ ਸਿਰਫ਼ ਉਸ ਮੁੱਖ ਉਦੇਸ਼ ਦਾ ਸਮਰਥਨ ਕਰਦਾ ਹੈ, ਜਿਸ ਵਿੱਚ ਮਹਾਦੀਪਾਂ ਦੇ ਭੂ-ਖੇਤਰਾਂ ਨੂੰ ਸਟੀਕ ਰੂਪ ਨਾਲ ਦਰਸਾਉਣ ਦੀ ਗੱਲ ਹੈ, ਦੇਸ਼ਾਂ ਦੇ ਸਿਆਸੀ ਨਕਸ਼ਿਆਂ ਅਤੇ ਸਰਹੱਦਾਂ ਵਿੱਚ ਤਬਦੀਲੀ ਦੀ ਨਹੀਂ।

