ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਭਾਰਤ ਤੇ ਜਮਾਇਕਾ ਦਰਮਿਆਨ ਸਬੰਧ ‘ਲਗਾਤਾਰਤਾ ਤੇ ਤਬਦੀਲੀ’ ਤੋਂ ਪ੍ਰੇਰਿਤ ਹਨ। ਇਹ ਸਬੰਧ ਸਾਂਝੇ ਇਤਿਹਾਸ ’ਤੇ ਆਧਾਰਿਤ ਹਨ ਜੋ ਮੌਜੂਦਾ ਸਹਿਯੋਗ ਨਾਲ ਮਜ਼ਬੂਤ ਹੋ ਰਹੇ ਹਨ ਅਤੇ ਭਵਿੱਖ ’ਚ ਵਧੇਰੇ ਸੰਭਾਵਨਾਵਾਂ ਵੱਲ ਵਧ ਰਹੇ ਹਨ।
‘ਜਮਾਇਕਨ ਗਲੀਨਰ’ ਅਖ਼ਬਾਰ ’ਚ ਬੀਤੇ ਦਿਨ ਪ੍ਰਕਾਸ਼ਤ ਲੇਖ ਵਿਚ ਜੈਸ਼ੰਕਰ ਨੇ ਇਹ ਵੀ ਕਿਹਾ ਕਿ ਦੋਵਾਂ ਮੁਲਕਾਂ ਨੂੰ ‘ਡੂੰਘੀ ਤੇ ਵਧੇਰੇ ਲਚਕਦਾਰ ਭਾਈਵਾਲੀ ਬਣਾਉਣ ਲਈ ਮਿਲ ਕੇ ਕੰਮ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਕੰਮ ਕਰੇ ਅਤੇ ਵਧੇਰੇ ਨਿਆਂ ਪੂਰਨ ਸੰਸਾਰ ਦੇ ਨਿਰਮਾਣ ’ਚ ਯੋਗਦਾਨ ਦੇਵੇ।’ ਭਾਰਤ ਤੇ ਜਮਾਇਕਾ ਦਰਮਿਆਨ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਜੈਸ਼ੰਕਰ ਲੰਘੇ ਸ਼ਨਿਚਰਵਾਰ ਕੈਰੇਬਿਆਈ ਦੇਸ਼ ਦੀ ਆਪਣੀ ਪਹਿਲੀ ਯਾਤਰਾ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਭਾਰਤੀ ਪਰਵਾਸੀ ਭਾਈਚਾਰੇ ਦੇ ਜਮਾਇਕਾ ਨਾਲ ਸਬੰਧ 180 ਸਾਲਾਂ ਤੋਂ ਹਨ ਅਤੇ ਇਹੀ ਰਿਸ਼ਤਾ ਸਾਡੇ ਸਬੰਧਾਂ ਨੂੰ ਵਿਸ਼ੇਸ਼ ਰੰਗ ਦਿੰਦਾ ਹੈ। ਕਈ ਭਾਰਤੀਆਂ ਲਈ ਜਮਾਇਕਾ ਦਾ ਨਾਂ ਸੁਣਦੇ ਹੀ ਮਾਈਕਲ ਹੋਲਡਿੰਗ ਅਤੇ ਕ੍ਰਿਸ ਗੇਲ ਦੀ ਕ੍ਰਿਕਟ, ਬੌਬ ਮਾਰਲੇ ਅਤੇ ਜਿਮੀ ਕਲਿਫ ਦਾ ਸੰਗੀਤ, ਉਸੈਨ ਬੋਲਟ ਤੇ ਐਲੇਨ ਥੌਂਪਸਨ-ਹੇਰਾਹ ਦਾ ਐਥਲੈਟਿਕਸ ਅਤੇ ਸੱਭਿਆਚਾਰਕ ਹਸਤੀ ਮਿਲ ਲੂ ਦੀਆਂ ਲਿਖਤਾਂ ਦੀ ਯਾਦ ਆ ਜਾਂਦੀ ਹੈ। ਜੈਸ਼ੰਕਰ ਕਿਹਾ ਕਿ ਇਹ ਸਬੰਧ ‘ਦੋਵਾਂ ਮੁਲਕਾਂ ਦਰਮਿਆਨ ਡੂੰਘੀ ਨੇੜਤਾ ਨੂੰ ਦਰਸਾਉਂਦੇ ਹਨ ਜਿਸ ’ਚ ‘ਗਲੋਬਲ ਸਾਊਥ’ ਅਤੇ ਰਾਸ਼ਟਰਮੰਡਲ ਦੀ ਮੈਂਬਰਸ਼ਿਪ ਸ਼ਾਮਲ ਹੈ।’
ਇਲੈਕਟ੍ਰੌਨਿਕ ਸਕੋਰ ਬੋਰਡ ਦਾ ਉਦਘਾਟਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਭਾਰਤ ਵੱਲੋਂ ਜਮਾਇਕਾ ਨੂੰ ਤੋਹਫ਼ੇ ਵਜੋਂ ਦਿੱਤੇ ਗਏ ਇਲੈਕਟ੍ਰੌਨਿਕ ਸਕੋਰ ਬੋਰਡ ਨੂੰ ਇਸ ਕੈਰੇਬਿਆਈ ਦੇਸ਼ ਨੂੰ ਸਮਰਪਿਤ ਕਰਦੇ ਹੋਏ ਕਿਹਾ ਕਿ ਕ੍ਰਿਕਟ ਇਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਪੁਲ ਦਾ ਕੰਮ ਕਰਦਾ ਹੈ। ਸ੍ਰੀ ਜੈਸ਼ੰਕਰ ਨੇ ਬੀਤੇ ਦਿਨ ਕਰਵਾਏ ਸਮਾਰੋਹ ਵਿੱਚ ਜਮਾਇਕਾ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੈੱਸ ਨਾਲ ਮਿਲ ਕੇ ਇੱਥੇ ਸਬੀਨਾ ਪਾਰਕ ਵਿੱਚ ਇਸ ਇਲੈਕਟ੍ਰੌਨਿਕ ਸਕੋਰ ਬੋਰਡ ਦਾ ਉਦਘਾਟਨ ਕੀਤਾ।

