ਹਵਾਈ ਫ਼ੌਜ ਨੇ ਸ੍ਰੀਲੰਕਾ ’ਚ ਫਸੇ 300 ਭਾਰਤੀ ਕੱਢੇ
ਅਪਰੇਸ਼ਨ ਸਾਗਰ ਬੰਧੂ ਤਹਿਤ ਸ੍ਰੀਲੰਕਾ ਨੂੰ ਪਹੁੰਚਾਈ ਜਾ ਰਹੀ ਹੈ ਰਾਹਤ ਤੇ ਬਚਾਅ ਸਮੱਗਰੀ
ਭਾਰਤੀ ਹਵਾਈ ਫ਼ੌਜ ਨੇ ਚੱਕਰਵਾਤੀ ਤੂਫ਼ਾਨ ਦਿਤਵਾ ਕਾਰਨ ਸ੍ਰੀਲੰਕਾ ’ਚ ਫਸੇ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਤਿਰੂਵੰਨਤਪੁਰਮ ਹਵਾਈ ਅੱਡੇ ’ਤੇ ਪਹੁੰਚਾਇਆ ਹੈ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਕੋਲੰਬੋ ਤੋਂ ਲੰਘੀ ਸ਼ਾਮ ਸਾਢੇ ਸੱਤ ਵਜੇ ਤਿਰੂਵਨੰਤਪੁਰਮ ਪੁੱਜਿਆ। ਬੁਲਾਰੇ ਅਨੁਸਾਰ ਭਾਰਤੀ ਹਵਾਈ ਫ਼ੌਜ ਦੇ ਆਈ ਐੱਲ-76 ਅਤੇ ਸੀ-130ਜੇ ਹਵਾਈ ਜਹਾਜ਼ਾਂ ਦੀ ਵਰਤੋਂ ਸ੍ਰੀਲੰਕਾ ’ਚ ਬਚਾਅ ਸਮੱਗਰੀ ਤੇ ਐੱਨ ਡੀ ਆਰ ਐੱਫ ਦੀਆਂ ਟੀਮਾਂ ਪਹੁੰਚਾਉਣ ਲਈ ਕੀਤੀ ਗਈ ਅਤੇ ਫਸੇ ਹੋਏ ਯਾਤਰੀਆਂ ਨੂੰ ਕੱਢਣ ਲਈ ਵੀ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ ਸ੍ਰੀਲੰਕਾ ’ਚ ਫਸੇ ਦੋ ਹਜ਼ਾਰ ਤੋਂ ਵੱਧ ਭਾਰਤੀ ਵਾਪਸ ਲਿਆਂਦੇ ਗਏ ਹਨ। ਪ੍ਰੈੱਸ ਬਿਆਨ ’ਚ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਭਾਰਤੀ ਹਵਾਈ ਫ਼ੌਜ ਅਪਰੇਸ਼ਨ ਸਾਗਰ ਬੰਧੂ ਤਹਿਤ ਸ੍ਰੀਲੰਕਾ ਦੇ ਲੋਕਾਂ ਨੂੰ ਮਨੁੱਖੀ ਸਹਾਇਤਾ ਤੇ ਆਫ਼ਤ ਰਾਹਤ ਸਹਾਇਤਾ ਮੁਹੱਈਆ ਕਰ ਰਹੀ ਹੈ।
ਇਸੇ ਦੌਰਾਨ ਭਾਰਤ ਨੇ ਸ੍ਰੀਲੰਕਾ ’ਚ ਚੱਕਰਵਾਤੀ ਤੂਫ਼ਾਨ ‘ਦਿਤਵਾ’ ਕਾਰਨ ਮਚੀ ਤਬਾਹੀ ਤੋਂ ਬਾਅਦ ਕੋਲੰਬੋ ’ਚ ਬਚਾਅ ਮੁਹਿੰਮ ਤੇਜ਼ ਕਰਦਿਆਂ ਉੱਥੇ ਫਸੇ ਭਾਰਤੀ ਨਾਗਰਿਕਾਂ ਦੇ ਆਖਰੀ ਸਮੂਹ ਨੂੰ ਵੀ ਅੱਜ ਕੱਢ ਲਿਆ ਹੈ। ਕੋਲੰਬੋ ’ਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪੋਸਟ ’ਚ ਦੱਸਿਆ ਕਿ ਭੰਡਾਰਨਾਇਕੇ ਕੌਮਾਂਤਰੀ ਹਵਾਈ ਅੱਡੇ ’ਤੇ ਫਸੇ 104 ਭਾਰਤੀਆਂ ਦਾ ਆਖਰੀ ਸਮੂਹ ‘ਅਪਰੇਸ਼ਨ ਸਾਗਰਬੰਧੂ’ ਤਹਿਤ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਸਵੇਰੇ ਤਕਰੀਬਨ ਸਾਢੇ ਛੇ ਵਜੇ ਤਿਰੂਵਨੰਤਪੁਰਮ ਪਹੁੰਚਿਆ।

