DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੰਗਲਾਦੇਸ਼ ਵਿੱਚ ਹਿੰਦੂ ਵਪਾਰੀ ਦਾ ਕਤਲ

ਨਰਸਿੰਗਡੀ ਵਿੱਚ ਦੁਕਾਨ ਤੋਂ ਘਰ ਪਰਤਣ ਮੌਕੇ ਹਮਲਾ ਕੀਤਾ

  • fb
  • twitter
  • whatsapp
  • whatsapp
featured-img featured-img
ਨਰਸਿੰਗਡੀ ਵਿਚ ਮੋਨੀ ਚੱਕਰਬਰਤੀ ਦੇ ਸਸਕਾਰ ਮੌਕੇ ਇਕੱਤਰ ਲੋਕ। -ਫੋਟੋ: ਪੀਟੀਆਈ
Advertisement

ਬੰਗਲਾਦੇਸ਼ ਦੇ ਨਰਸਿੰਗਦੀ ਸ਼ਹਿਰ ਵਿੱਚ ਅਣਪਛਾਤੇ ਹਮਲਾਵਰਾਂ ਨੇ 40 ਸਾਲਾ ਹਿੰਦੂ ਕਰਿਆਨਾ ਸਟੋਰ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਸਥਾਨਕ ਮੀਡੀਆ ਅਨੁਸਾਰ ਮ੍ਰਿਤਕ ਦੀ ਪਛਾਣ ਮਨੀ ਚੱਕਰਵਰਤੀ ਵਜੋਂ ਹੋਈ ਹੈ। ਇਸ ਤੋਂ ਕੁੱਝ ਘੰਟੇ ਪਹਿਲਾਂ ਬੰਗਲਾਦੇਸ਼ ਦੇ ਜੇਸੋਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਅਣਪਛਾਤੇ ਹਮਲਾਵਰਾਂ ਨੇ ਇੱਕ ਹਿੰਦੂ ਵਪਾਰੀ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਸੀ। ਉਹ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਵੀ ਸੀ। ਬੀ ਡੀ ਨਿਊਜ਼ 24 ਨਿਊਜ਼ ਪੋਰਟਲ ਮੁਤਾਬਕ ਪਲਾਸ਼ ਉਪ ਜ਼ਿਲ੍ਹੇ ਦੇ ਚਾਰਸਿੰਧੂਰ ਬਾਜ਼ਾਰ ਵਿੱਚ ਦੁਕਾਨਦਾਰ ਮਨੀ ਚੱਕਰਵਰਤੀ ਦੀ ਸੋਮਵਾਰ ਰਾਤ ਲਗਪਗ 11 ਵਜੇ ਹੱਤਿਆ ਕਰ ਦਿੱਤੀ ਗਈ।

ਪਲਾਸ਼ ਥਾਣਾ ਮੁਖੀ ਸ਼ਾਹਿਦ ਅਲ ਮਾਮੂਨ ਨੇ ਕਿਹਾ ਕਿ ਮਨੀ ਸ਼ਿਬਪੁਰ ਉਪ ਜ਼ਿਲ੍ਹੇ ਦੇ ਸਾਧਰਚਾਰ ਯੂਨੀਅਨ ਨਿਵਾਸੀ ਮਦਨ ਠਾਕੁਰ ਦਾ ਪੁੱਤਰ ਸੀ। ਮਨੀ ਦੀ ਚਾਰਸਿੰਧੂਰ ਬਾਜ਼ਾਰ ਵਿੱਚ ਕਰਿਆਨੇ ਦੀ ਦੁਕਾਨ ਸੀ। ਉਹ ਹਾਲ ਹੀ ਦੇ ਹਫ਼ਤਿਆਂ ਵਿੱਚ ਮਾਰਿਆ ਗਿਆ ਤੀਜਾ ਹਿੰਦੂ ਵਪਾਰੀ ਹੈ। ਪੁਲੀਸ ਅਤੇ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਮਨੀ ਸੋਮਵਾਰ ਰਾਤ ਆਪਣੀ ਦੁਕਾਨ ਬੰਦ ਕਰ ਕੇ ਘਰ ਪਰਤ ਰਿਹਾ ਸੀ ਤਾਂ ਅਣਪਛਾਤੇ ਹਮਲਾਵਰਾਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

Advertisement

ਸ਼ਾਹਿਦ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਮਗਰੋਂ ਪੁਲੀਸ ਫੌਰੀ ਮੌਕੇ ’ਤੇ ਪਹੁੰਚੀ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

ਹਿੰਦੂਆਂ ਦੀਆਂ ਹੱਤਿਆਵਾਂ ਖ਼ਿਲਾਫ਼ ਮਨੁੱਖੀ ਕੜੀ ਬਣਾਈ

ਢਾਕਾ: ਹਿੰਦੂ ਵਪਾਰੀ ਮਨੀ ਚੱਕਰਵਰਤੀ ਦੀ ਹੱਤਿਆ ਖ਼ਿਲਾਫ਼ ਸਥਾਨਕ ਵਪਾਰੀਆਂ ਨੇ ਮਨੁੱਖੀ ਕੜੀ ਬਣਾਈ। ਚਾਰਸਿੰਧੂਰ ਬਾਜ਼ਾਰ ਵਿੱਚ ਸੈਂਕੜੇ ਤੋਂ ਵੱਧ ਵਪਾਰੀਆਂ ਨੇ ਸਥਾਨਕ ਮਾਰਕੀਟ ਐਸੋਸੀਏਸ਼ਨ ਦੇ ਬੈਨਰ ਹੇਠ ਮਨੁੱਖੀ ਕੜੀ ਬਣਾਈ ਅਤੇ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਫੌਰੀ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਜੇ ਅਗਲੇ 24 ਘੰਟਿਆਂ ਦੌਰਾਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਅੰਦੋਲਨ ਤੇਜ਼ ਕੀਤਾ ਜਾਵੇਗਾ।

ਹਾਦੀ ਹੱਤਿਆ ਮਾਮਲੇ ’ਚ ਦੋਸ਼ ਪੱਤਰ ਦਾਖ਼ਲ

ਢਾਕਾ/ਨਵੀਂ ਦਿੱਲੀ: ਬੰਗਲਾਦੇਸ਼ ਪੁਲੀਸ ਨੇ ਵਿਦਿਆਰਥੀ ਆਗੂ ਸ਼ਰੀਫ ਉਸਮਾਨ ਹਾਦੀ ਦੇ ਕਤਲ ਮਾਮਲੇ ਵਿੱਚ ਅੱਜ 17 ਮੁਲਜ਼ਮਾਂ ਖ਼ਿਲਾਫ਼ ਰਸਮੀ ਤੌਰ ’ਤੇ ਦੋਸ਼ ਪੱਤਰ ਦਾਇਰ ਕੀਤਾ ਹੈ। ਪੁਲੀਸ ਨੇ ਕਿਹਾ ਕਿ ਹਾਦੀ ਦੀ ਹੱਤਿਆ ‘ਸਿਆਸੀ ਬਦਲਾਖੋਰੀ’ ਕਾਰਨ ਅਵਾਮੀ ਲੀਗ ਦੇ ਇਸ਼ਾਰੇ ’ਤੇ ਕੀਤੀ ਗਈ ਸੀ।

ਸਮਾਚਾਰ ਪੋਰਟਲ ‘ਟੀ ਬੀ ਐੱਸ ਨਿਊਜ਼ ਡਾਟ ਨੈੱਟ’ ਨੇ ਢਾਕਾ ਮੈਟਰੋਪੌਲੀਟਨ ਪੁਲੀਸ (ਡੀ ਐੱਮ ਪੀ) ਦੇ ਖ਼ੁਫ਼ੀਆ ਵਿੰਗ ਦੇ ਵਧੀਕ ਕਮਿਸ਼ਨਰ ਮੁਹੰਮਦ ਸ਼ਫੀਕੁਲ ਇਸਲਾਮ ਦੇ ਹਵਾਲੇ ਨਾਲ ਕਿਹਾ, ‘‘ਹਾਦੀ ਨੇ ਜਨਤਕ ਰੈਲੀਆਂ ਅਤੇ ਸੋਸ਼ਲ ਮੀਡੀਆ ਰਾਹੀਂ ਅਵਾਮੀ ਲੀਗ ਅਤੇ ਛਾਤਰ ਲੀਗ ਦੀਆਂ ਪਿਛਲੀਆਂ ਗਤੀਵਿਧੀਆਂ ਦੀ ਸਖ਼ਤ ਨੁਕਤਾਚੀਨੀ ਕੀਤੀ ਸੀ। ਉਸ ਦੀਆਂ ਟਿੱਪਣੀਆਂ ਕਾਰਨ ਛਾਤਰ ਲੀਗ ਅਤੇ ਇਸ ਨਾਲ ਜੁੜੇ ਆਗੂ ਤੇ ਕਾਰਕੁਨ ਨਾਰਾਜ਼ ਸਨ।’’ ਛਾਤਰ ਲੀਗ ਗੱਦੀਓਂ ਲਾਹੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਗਵਾਈ ਵਾਲੀ ਅਵਾਮੀ ਲੀਗ ਦਾ ਵਿਦਿਆਰਥੀ ਵਿੰਗ ਹੈ

ਇਸ ਦੌਰਾਨ ਵਿਦਿਆਰਥੀ ਆਗੂ ਹਾਦੀ ਦੀ ਹੱਤਿਆ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਅੱਜ ਉਸ ਦੀ ਪਾਰਟੀ ਇਨਕਲਾਬ ਮੰਚ ਨੇ ਢਾਕਾ ਵਿੱਚ ਮਾਰਚ ਕੀਤਾ। ਇਸ ਦੌਰਾਨ ਬੰਗਲਾਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਲਈ ਵਰਕ ਪਰਮਿਟ ਰੱਦ ਕਰਨ ਦੀ ਵੀ ਮੰਗ ਕੀਤੀ ਗਈ।

‘ਢਾਕਾ ਟ੍ਰਿਬਿਊਨ’ ਅਖਬਾਰ ਦੀ ਰਿਪੋਰਟ ਅਨੁਸਾਰ ਇਨਕਲਾਬ ਮੰਚ ਨੇ ਆਪਣੀਆਂ ਚਾਰ ਨੁਕਾਤੀ ਮੰਗਾਂ ਤਹਿਤ ਉਨ੍ਹਾਂ ਕਥਿਤ ਕਾਤਲਾਂ ਦੀ ਵਾਪਸੀ ਦੀ ਮੰਗ ਵੀ ਕੀਤੀ, ਜਿਨ੍ਹਾਂ ਬਾਰੇ ਉਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਭਾਰਤ ਵਿੱਚ ਸ਼ਰਨ ਲਈ ਹੈ। ਪਾਰਟੀ ਦਾ ਕਹਿਣਾ ਹੈ ਕਿ ਜੇ ਭਾਰਤ ਉਨ੍ਹਾਂ ਨੂੰ ਸੌਂਪਣ ਤੋਂ ਇਨਕਾਰ ਕਰਦਾ ਹੈ ਤਾਂ ਬੰਗਲਾਦੇਸ਼ ਨੂੰ ਕੌਮਾਂਤਰੀ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਚਾਹੀਦਾ ਹੈ।

ਭਾਰਤੀ ਅਧਿਕਾਰੀਆਂ ਨੇ ਹਾਦੀ ਦੇ ਕਾਤਲਾਂ ਦੇ ਭਾਰਤ ਵਿੱਚ ਦਾਖ਼ਲ ਹੋਣ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਗ਼ੈਰ-ਕਾਨੂੰਨੀ ਸਰਹੱਦ ਪਾਰ ਕਰਨ ਦਾ ਕੋਈ ਸਬੂਤ ਨਹੀਂ ਹੈ। ਅਖ਼ਬਾਰ ਨੇ ਪ੍ਰਬੰਧਕਾਂ ਦੇ ਹਵਾਲੇ ਨਾਲ ਕਿਹਾ ਕਿ ‘ਇਨਸਾਫ਼ ਲਈ ਮਾਰਚ’ ਸਵੇਰੇ 11:30 ਵਜੇ ਸ਼ਾਹਬਾਗ ਤੋਂ ਸ਼ੁਰੂ ਹੋਇਆ ਅਤੇ ਸ਼ਾਮ ਨੂੰ ਇੱਥੇ ਹੀ ਆ ਕੇ ਖ਼ਤਮ ਹੋਇਆ। -ਪੀਟੀਆਈ

Advertisement
×