Pete Hegseth ਤੇ ਸੰਸਦੀ ਕਮੇਟੀ ਵਿਚਾਲੇ ਤਿੱਖੀ ਬਹਿਸ
ਸੁਣਵਾਈ ਦੌਰਾਨ ਡੈਮੋਕਰੈਟ ਮੈਂਬਰਾਂ ਨੇ ਟਰੰਪ ਦੀ ‘ਮਾਨਸਿਕ ਸਿਹਤ’ ਉੱਤੇ ਸਵਾਲ ਉਠਾਏ
ਇਰਾਨ ਜੰਗ ਬਾਰੇ ਲੋਕਾਂ ਨੂੰ ਗੁਮਰਾਹ ਕਰਨ ਤੇ ਸੀਨੀਅਰ ਫ਼ੌਜੀ ਅਧਿਕਾਰੀਆਂ ਨੂੰ ਹਟਾਉਣ ਦੇ ਦੋਸ਼ਾਂ ਨੂੰ ਲੈ ਕੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਬੁੱਧਵਾਰ ਨੂੰ ਸੰਸਦੀ ਕਮੇਟੀ ਅੱਗੇ ਪੇਸ਼ ਹੋਏ। ਛੇ ਘੰਟੇ ਦੇ ਕਰੀਬ ਚੱਲੀ ਸੁਣਵਾਈ ਦੌਰਾਨ ਹੈਗਸੇੇਥ ਦੀ ਡੈਮੋਕਰੈਟ ਮੈਂਬਰਾਂ ਨਾਲ ਤਿੱਖੀ ਬਹਿਸ ਹੋਈ। ਇਸ ਮੌਕੇ ਟਰੰਪ ਪ੍ਰਸ਼ਾਸਨ ਦੇ 1500 ਅਰਬ ਡਾਲਰ ਦੇ ਰੱਖਿਆ ਬਜਟ ਉੱਤੇ ਵੀ ਚਰਚਾ ਹੋਈ।
ਹੈਗਸੇਥ 28 ਫਰਵਰੀ ਨੂੰ ਸ਼ੁਰੂ ਹੋਈ ਇਰਾਨ ਜੰਗ ਮਗਰੋਂ ਪਹਿਲੀ ਵਾਰ ਸੰਸਦ (ਕਾਂਗਰਸ) ਦੀ ਕਮੇਟੀ ਅੱਗੇ ਪੇਸ਼ ਹੋਏ। ਅਮਰੀਕੀ ਰੱਖਿਆ ਵਿਭਾਗ ਦੇ ਹੈੱਡਕੁਆਰਟਰ ਪੈਂਟਾਗਨ ਨੇ ਜੰਗ ਦੀ ਲਾਗਤ 25 ਅਰਬ ਡਾਲਰ ਦੱਸੀ, ਹਾਲਾਂਕਿ ਕਈ ਡੈਮੋਕਰੈਟ ਮੈਂਬਰਾਂ ਨੇ ਇਸ ਬਾਰੇ ਖ਼ਦਸ਼ਾ ਜਤਾਇਆ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ‘ਮਾਨਸਿਕ ਸਿਹਤ’ ਉੱਤੇ ਸਵਾਲ ਚੁੱਕੇ। ਇਸ ਉੱਤੇ ਹੈਗਸੇਥ ਨੇ ਪਲਟਵਾਰ ਕਰਦਿਆਂ ਕਿਹਾ ਕਿ ਟਰੰਪ ‘ਵੱਖ-ਵੱਖ ਪੀੜ੍ਹੀਆਂ ’ਚੋਂ ਸਭ ਤੋਂ ਤੇਜ਼ ਤੇ ਸੂਝਵਾਨ’ ਕਮਾਂਡਰ-ਇਨ-ਚੀਫ ਹਨ। ਉਨ੍ਹਾਂ ਡੈਮੋਕਰੈਟ ਮੈਂਬਰਾਂ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਇਡਨ ਦੀ ਸਮਰੱਥਾ ਉੱਤੇ ਕਦੇ ਸਵਾਲ ਉਠਾਇਆ ਹੈ? ਇਸ ਮੌਕੇ ਜੁਆਇੰਟ ਚੀਫ ਆਫ ਸਟਾਫ ਜਨਰਲ ਡੈਨ ਕੇਨ ਵੀ ਮੌਜੂਦ ਸਨ। ਹੈਗਸੇਥ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਖ਼ਤਰਾ ਵਿਰੋਧੀ ਧਿਰ ਦੇ ਆਗੂਆਂ ਦੇ ‘ਗ਼ੈਰ-ਜ਼ਿੰਮੇਵਾਰ ਤੇ ਨਿਰਾਸ਼ਾਵਾਦੀ ਬਿਆਨ’ ਹਨ, ਜੋ ਮਿਸ਼ਨ ਦੀ ਸਫਲਤਾ ਨੂੰ ਨਜ਼ਰਅੰਦਾਜ਼ ਕਰ ਰਹੇ ਹਨ।

