ਗਾਜ਼ਾ ਜੰਗ: ਮਾਲਦੀਵ ਵੱਲੋਂ ਇਜ਼ਰਾਇਲੀ ਪਾਸਪੋਰਟ ਧਾਰਕਾਂ ’ਤੇ ਪਾਬੰਦੀ
ਮਾਲੇ, 16 ਅਪਰੈਲ
ਮਾਲਦੀਵ ਨੇ ਗਾਜ਼ਾ ਵਿੱਚ ਜੰਗ ਕਾਰਨ ਇਜ਼ਰਾਇਲੀ ਪਾਸਪੋਰਟ ਧਾਰਕਾਂ ਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਆਪਣੇ ਇਮੀਗ੍ਰੇਸ਼ਨ ਕਾਨੂੰਨ ’ਚ ਬਦਲਾਅ ਕੀਤਾ ਹੈ। ਰਾਸ਼ਟਰਪਤੀ ਦਫ਼ਤਰ ਦੇ ਬਿਆਨ ਮੁਤਾਬਕ ਸੋਧ ਲੰਘੇ ਸੋਮਵਾਰ ਨੂੰ ਸੰਸਦ ਵੱਲੋਂ ਪਾਸ ਕੀਤੀ ਗਈ ਅਤੇ ਮੰਗਲਵਾਰ ਨੂੰ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਹ ਕਾਨੂੰਨ ਦੋਹਰੀ ਨਾਗਰਿਕਤਾ ਵਾਲੇ ਉਨ੍ਹਾਂ ਲੋਕਾਂ ’ਤੇ ਲਾਗੂ ਹੋਵੇਗਾ ਜਾਂ ਨਹੀਂ ਜਿਨ੍ਹਾਂ ਕੋਲ ਇਜ਼ਰਾਈਲ ਅਤੇ ਕਿਸੇ ਹੋਰ ਮੁਲਕ ਦਾ ਪਾਸਪੋਰਟ ਹੈ।
ਕੈਬਨਿਟ ਨੇ ਇਮੀਗ੍ਰੇਸ਼ਨ ਕਾਨੂੰਨ ’ਚ ਤਬਦੀਲੀ ਦਾ ਫ਼ੈਸਲਾ ਲਗਪਗ ਇੱਕ ਸਾਲ ਪਹਿਲਾਂ ਲਿਆ ਸੀ, ਪਰ ਸਰਕਾਰ ਨੇ ਇਸ ਹਫ਼ਤੇ ਇਸ ਨੂੰ ਰਸਮੀ ਰੂਪ ਦਿੱਤਾ। ਬਿਆਨ ਵਿੱਚ ਕਿਹਾ ਗਿਆ, ‘‘ਇਹ ਤਬਦੀਲੀ ਫਲਸਤੀਨੀ ਲੋਕਾਂ ਵਿਰੁੱਧ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਜ਼ੁਲਮ ਤੇ ਨਸਲਕੁਸ਼ੀ ਦੀ ਕਾਰਵਾਈ ਦੇ ਜਵਾਬ ’ਚ ਸਰਕਾਰ ਦੇ ਦ੍ਰਿੜ੍ਹ ਰੁਖ਼ ਨੂੰ ਦਰਸਾਉਂਦੀ ਹੈ।’’ ਦੱਸਣਯੋਗ ਹੈ ਕਿ ਮਾਲਦੀਵ ਮੁੱਖ ਤੌਰ ’ਤੇ ਸੁੰਨੀ ਬਹੁਗਿਣਤੀ ਵਾਲਾ ਮੁਸਲਿਮ ਮੁਲਕ ਹੈ ਜਿੱਥੇ ਹੋਰ ਧਰਮਾਂ ਦੇ ਪ੍ਰਚਾਰ-ਪ੍ਰਸਾਰ ਅਤੇ ਮੰਨਣ ’ਤੇ ਕਾਨੂੰਨੀ ਤੌਰ ’ਤੇ ਪਾਬੰਦੀ ਹੈ। ਇਮੀਗ੍ਰੇਸ਼ਨ ਦੇ ਤਾਜ਼ਾ ਉਪਲਬਧ ਅੰਕੜਿਆਂ ਮੁਤਾਬਕ ਫਰਵਰੀ ’ਚ ਇਜ਼ਰਾਇਲੀ ਪਾਸਪੋਰਟ ਵਾਲੇ 59 ਵਿਅਕਤੀ ਮਾਲਦੀਵ ਪਹੁੰਚੇ। -ਏਪੀ