ਗੁਰਮਲਕੀਅਤ ਸਿੰਘ ਕਾਹਲੋਂ
ਵੈਨਕੂਵਰ, 29 ਮਈ
ਮੁੱਖ ਅੰਸ਼
- ਵਿਆਹ ਸਮਾਗਮ ‘ਚ ਭੰਗੜਾ ਪਾ ਕੇ ਨਿਕਲੇ ਗੈਂਗਸਟਰ ‘ਤੇ ਹੋਇਆ ਹਮਲਾ
- ਕਾਤਲਾਂ ਨੇ ਵਾਰਦਾਤ ਲਈ ਵਰਤੀ ਕਾਰ ਨੂੰ ਕੁਝ ਦੂਰੀ ‘ਤੇ ਅੱਗ ਲਾਈ
ਵੈਨਕੂਵਰ ਵਿਚ ਕਈ ਸਾਲਾਂ ਤੋਂ ਚੱਲ ਰਹੀ ਗੈਂਗਵਾਰ ਦਰਮਿਆਨ ਅੱਜ ਇੱਕ ਹੋਰ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਾਰੇ ਗਏ ਗੈਂਗਸਟਰ ਦੀ ਪਛਾਣ ਅਮਰਪ੍ਰੀਤ (ਚੱਕੀ) ਸਮਰਾ (28) ਵਜੋਂ ਹੋਈ ਹੈ। ਕਾਤਲਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਕੁਝ ਦੂਰੀ ‘ਤੇ ਜਾ ਕੇ ਆਪਣੀ ਕਾਰ ਨੂੰ ਅੱਗ ਲਾ ਦਿੱਤੀ। ਪੁਲੀਸ ਅਨੁਸਾਰ ਅਮਰਪ੍ਰੀਤ ਸਮਰਾ ਫਿਰੌਤੀਆਂ, ਡਕੈਤੀਆਂ ਅਤੇ ਅਗਵਾ ਆਦਿ ਕਈ ਜੁਰਮਾਂ ਵਿਚ ਸ਼ਾਮਲ ਸੀ। ਕੁਝ ਮਹੀਨੇ ਪਹਿਲਾਂ ਉਹ ਜੇਲ੍ਹ ‘ਚੋਂ ਬਾਹਰ ਆਇਆ ਸੀ। ਮਈ 2021 ਵਿਚ ਮਾਰੇ ਗਏ ਜੇਲ੍ਹ ਅਫਸਰ ਬਿਕਰਮਦੀਪ ਰੰਧਾਵਾ ਦਾ ਘਰ ਅਮਰਪ੍ਰੀਤ ਸਮਰਾ ਦੇ ਗੁਆਂਢ ਵਿੱਚ ਹੋਣ ਕਰਕੇ ਪੁਲੀਸ ਨੂੰ ਸ਼ੱਕ ਸੀ ਕਿ ਉਸ ਦੇ ਕਤਲ ਪਿੱਛੇ ਸਮਰਾ ਦਾ ਹੀ ਹੱਥ ਸੀ। ਪੁਲੀਸ ਹੁਣ ਤਕ ਇਸ ਦੇ ਸਬੂਤ ਇਕੱਠੇ ਕਰ ਰਹੀ ਸੀ।
ਜਾਣਕਾਰੀ ਅਨੁਸਾਰ ਵੈਨਕੂਵਰ ਦੇ ਫਰੇਜ਼ਰ ਵਿਊ ਹਾਲ ਵਿਚ ਅੱਜ ਵਿਆਹ ਸਮਾਗਮ ਚੱਲ ਰਿਹਾ ਸੀ, ਜਿਸ ਵਿਚ ਅਮਰਪ੍ਰੀਤ ਸਮਰਾ ਤੇ ਉਸ ਦਾ ਵੱਡਾ ਭਰਾ ਰਵਿੰਦਰ ਸਮਰਾ ਸ਼ਾਮਲ ਸਨ। ਡੇਢ ਕੁ ਵਜੇ ਤਕ ਦੋਵੇਂ ਡੀਜੇ ਉਤੇ ਭੰਗੜਾ ਪਾ ਰਹੇ ਸਨ। ਕੁਝ ਮਿੰਟਾਂ ਬਾਅਦ ਜਿਵੇਂ ਹੀ ਅਮਰਪ੍ਰੀਤ ਸਮਰਾ ਹਾਲ ‘ਚੋਂ ਬਾਹਰ ਨਿਕਲਿਆ ਤਾਂ ਕਿਸੇ ਨੇ ਉਸ ਉੱਤੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ। ਉਸ ਦੀ ਮੌਕੇ ‘ਤੇ ਮੌਤ ਹੋ ਗਈ। ਪੁਲੀਸ ਤਰਜਮਾਨ ਬੀਬੀ ਤਾਨੀਆ ਵਿੰਸਟਨ ਨੇ ਦੱਸਿਆ ਕਿ ਮੁੱਢਲੇ ਵੇਰਵਿਆਂ ਅਨੁਸਾਰ ਇਹ ਹੱਤਿਆ ਦੋ ਗਰੋਹਾਂ ਦੀ ਪੁਰਾਣੀ ਦੁਸ਼ਮਣੀ ਦਾ ਨਤੀਜਾ ਹੈ। ਬੀਬੀ ਤਾਨੀਆ ਨੇ ਵਿਆਹ ਵਿੱਚ ਸ਼ਾਮਲ ਵਿਅਕਤੀ ਦੇ ਹਵਾਲੇ ਨਾਲ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਇੱਕ ਹਮਲਾਵਰ ਹਾਲ ਦੇ ਅੰਦਰ ਆਇਆ ਤੇ ਭੰਗੜਾ ਬੰਦ ਕਰਨ ਲਈ ਕਿਹਾ। ਉਸ ਦੇ ਹੱਥ ਵਿਚ ਮਸ਼ੀਨ ਗੰਨ ਵੇਖ ਕੇ ਵਿਆਹ ਚ ਸ਼ਾਮਲ 50-60 ਲੋਕ ਭੱਜ ਕੇ ਕੰਧਾਂ ਓਹਲੇ ਜਾ ਲੁਕੇ। ਕਾਤਲ ਸਭ ਨੂੰ ਵੰਗਾਰਦੇ ਹੋਏ ਬੜੇ ਆਰਾਮ ਨਾਲ ਅੰਦਰੋਂ ਬਾਹਰ ਚਲਾ ਗਿਆ। ਉਸ ਤੋਂ ਕੁਝ ਮਿੰਟਾਂ ਬਾਅਦ ਸਰੀ ਤੇ ਡੈਲਟਾ ਵਿਚਲੀ ਸੜਕ ਉੱਤੇ ਕਾਰ ਨੂੰ ਅੱਗ ਲਾਈ ਗਈ। ਪੁਲੀਸ ਦਾ ਮੰਨਣਾ ਹੈ ਕਿ ਦੋਸ਼ੀਆਂ ਨੇ ਉਹੀ ਕਾਰ ਵਾਰਦਾਤ ਸਥਾਨ ਤੋਂ ਭੱਜਣ ਲਈ ਵਰਤੀ ਹੋਵੇਗੀ ਤੇ ਪਹਿਲਾਂ ਵਾਂਗ ਸਬੂਤ ਖਤਮ ਕਰਨ ਲਈ ਉਸ ਨੂੰ ਸਾੜ ਦਿੱਤਾ।