Flydubai Case: ਦੋ ਮਾਲਦੀਵੀ ਪਾਇਲਟ ਹਿਰਾਸਤ ’ਚ ਲਏ
ਯੂ ਏ ਈ ਪੁਲੀਸ ਨੇ ‘ਫਲਾਈਦੁਬਈ’ ਲਈ ਕੰਮ ਕਰਨ ਵਾਲੇ ਮਾਲਦੀਵਜ਼ ਦੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਓਮਾਨੀ ਸਹਿ-ਪਾਇਲਟ ਵੱਲੋਂ ਦੁਬਈ-ਤਲ ਅਵੀਵ ਉਡਾਣ ਨੂੰ ਅਗਵਾ ਕਰ ਕੇ ਹਾਦਸਾਗ੍ਰਸਤ ਕਰਨ ਦੀ ਕਥਿਤ ਕੋਸ਼ਿਸ਼ ਦੇ ਸਬੰਧ ਵਿੱਚ ਕੀਤੀ ਗਈ...
ਯੂ ਏ ਈ ਪੁਲੀਸ ਨੇ ‘ਫਲਾਈਦੁਬਈ’ ਲਈ ਕੰਮ ਕਰਨ ਵਾਲੇ ਮਾਲਦੀਵਜ਼ ਦੇ ਦੋ ਪਾਇਲਟਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਓਮਾਨੀ ਸਹਿ-ਪਾਇਲਟ ਵੱਲੋਂ ਦੁਬਈ-ਤਲ ਅਵੀਵ ਉਡਾਣ ਨੂੰ ਅਗਵਾ ਕਰ ਕੇ ਹਾਦਸਾਗ੍ਰਸਤ ਕਰਨ ਦੀ ਕਥਿਤ ਕੋਸ਼ਿਸ਼ ਦੇ ਸਬੰਧ ਵਿੱਚ ਕੀਤੀ ਗਈ ਹੈ। ਇਸ ਘਟਨਾ ਦੌਰਾਨ ਜਹਾਜ਼ ਦੇ ਭਾਰਤੀ ਕਪਤਾਨ ਸਮਿਤ ਮੱਛਾਰ ਆਪਣੇ ਸਹਿ ਪਾਇਲਟ ਦੀ ਸ਼ੱਕੀ ਸਾਜ਼ਿਸ਼ ਨੂੰ ਨਾਕਾਮ ਕਰਦੇ ਸਮੇਂ ਜ਼ਖ਼ਮੀ ਹੋ ਗਿਆ ਸੀ।
ਦੋਵਾਂ ਪਾਇਲਟਾਂ ਨੂੰ 3 ਅਕਤੂਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਯੂ ਏ ਈ ਸਥਿਤ ਮਾਲਦੀਵੀ ਸਫਾਰਤਖ਼ਾਨੇ ਨੂੰ ਇਸ ਬਾਰੇ ਰਸਮੀ ਤੌਰ ’ਤੇ ਸੂਚਿਤ ਕਰ ਦਿੱਤਾ ਹੈ। ਮਾਲਦੀਵੀ ਸਰਕਾਰ ਨੇ ਹਾਲ ਦੀ ਘੜੀ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ। ਉੱਧਰ, ਯੂ ਏ ਈ ਨੇ ਵੀ ਹਿਰਾਸਤ ਵਿੱਚ ਲਏ ਮਾਲਦੀਵੀ ਨਾਗਰਿਕਾਂ ਖ਼ਿਲਾਫ਼ ਲੱਗੇ ਦੋਸ਼ਾਂ ਬਾਰੇ ਕੋਈ ਅਧਿਕਾਰਤ ਵੇਰਵੇ ਜਾਰੀ ਨਹੀਂ ਕੀਤੇ ਅਤੇ ਨਾ ਹੀ ਉਨ੍ਹਾਂ ਦੀ ਸੰਭਾਵੀ ਸ਼ਮੂਲੀਅਤ ਸਬੰਧੀ ਜਾਂਚ ਦੀ ਮੌਜੂਦਾ ਸਥਿਤੀ ਬਾਰੇ ਕੁਝ ਦੱਸਿਆ ਹੈ।
ਮਾਲਦੀਵਜ਼ ਦੀ ਰਾਜਧਾਨੀ ਮਾਲੇ ਆਧਾਰਿਤ ਰੋਜ਼ਨਾਮਚੇ ‘ਮਿਹਾਰੂ’ ਮੁਤਾਬਕ ਦੋ ਪੁਰਸ਼ ਪਾਇਲਟਾਂ ਨੇ ਕੰਮ ਵਾਲੀ ਥਾਂ ਓਮਾਨੀ ਪਾਇਲਟ ਹਮਾਮ ਅਲ-ਹਮਾਮੀ ਨਾਲ ਗੱਲਬਾਤ ਕੀਤੀ ਸੀ ਅਤੇ ਇਹ ਤਿੰਨੋਂ ਇਕੋ ਇਮਾਰਤ ਵਿੱਚ ਰਹਿੰਦੇ ਹਨ। ਫਲਾਈਦੁਬਈ ਲਈ ਇਸ ਵੇਲੇ ਛੇ ਮਾਲਦੀਵੀ ਨਾਗਰਿਕ ਕੰਮ ਕਰਦੇ ਹਨ ਅਤੇ ਏਅਰਲਾਈਨ ਨੇ ਹਾਲ ਹੀ ਵਿੱਚ ਇਨ੍ਹਾਂ ਦੋਵਾਂ ਦੀ ਭਰਤੀ ਕੀਤੀ ਹੈ।

