ਰੂਸੀ ਹਮਲਿਆਂ ਵਿੱਚ ਯੂਕਰੇਨ ਦੇ ਪੰਜ ਲੋਕਾਂ ਦੀ ਮੌਤ; ਪੂਤਿਨ ਨੇ ਯੂਰਪ ਨੂੰ ਫੌਜ ਭੇਜਣ ਦੇ ਖ਼ਿਲਾਫ਼ ਦਿੱਤੀ ਚਿਤਾਵਨੀ
ਯੂਕਰੇਨੀ ਫੌਜਾਂ ਨੇ ਰੂਸ ਵਿੱਚ ਦੋ ਰਸਾਇਣਕ ਉਦਯੋਗ ਸਹੂਲਤਾਂ ਨੂੰ ਬਣਾਇਆ ਨਿਸ਼ਾਨਾ
ਰੂਸ ਦੇ ਹਮਲਿਆਂ ਕਰਕੇ ਯੂਕਰੇਨ 'ਚ ਪੰਜ ਨਾਗਰਿਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ਵਿੱਚ ਯੂਰਪੀਅਨ ਫੌਜ ਨੂੰ ਭੇਜਣਾ ਰੂਸ ਨਾਲ ਸਿੱਧੇ ਸੰਘਰਸ਼ ਦੇ ਬਰਾਬਰ ਹੋਵੇਗਾ।
ਖੇਤਰੀ ਮੁਖੀ ਇਵਾਨ ਫੇਦੋਰੋਵ ਨੇ ਦੱਸਿਆ ਕਿ ਯੂਕਰੇਨ ਦੇ ਜ਼ਪੋਰਿਜ਼ੀਆ ਸ਼ਹਿਰ ਵਿੱਚ ਰਾਤ ਭਰ ਜਾਰੀ ਰੂਸੀ ਡਰੋਨ ਹਮਲੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਸਥਾਨਕ ਅਧਿਕਾਰੀਆਂ ਅਨੁਸਾਰ, ਕ੍ਰਾਈਵੀ ਰਿਹ ਵਿੱਚ ਹੋਏ ਹਮਲਿਆਂ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਯੂਕਰੇਨ ਦੇ ਜ਼ਾਇਟੋਮਾਇਰ ਖੇਤਰ ਵਿੱਚ ਇੱਕ ਕਰਿਆਨੇ ਦੀ ਦੁਕਾਨ 'ਤੇ ਰੂਸੀ ਹਮਲੇ ਵਿੱਚ ਦੋ ਲੋਕ ਮਾਰੇ ਗਏ।
ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨੀ ਫੌਜਾਂ ਨੇ ਰੂਸ ਵਿੱਚ ਦੋ ਰਸਾਇਣਕ ਉਦਯੋਗ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ, ਜਿਨ੍ਹਾਂ ਵਿੱਚੋਂ ਇੱਕ ਸਮਾਰਾ ਵਿੱਚ ਅਤੇ ਦੂਜਾ ਪਰਮ ਵਿੱਚ ਮੌਜੂਦ ਹੈ। ਇਨ੍ਹਾਂ ਖੇਤਰਾਂ ਦੇ ਗਵਰਨਰਾਂ ਨੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ, ਪਰ ਰੂਸ ਦੇ ਸੁਤੰਤਰ ਔਨਲਾਈਨ ਨਿਊਜ਼ ਸੰਗਠਨ, ਐਸਟਰਾ ਨੇ ਦੋਵਾਂ ਖੇਤਰਾਂ ਵਿੱਚ ਰਸਾਇਣਕ ਪਲਾਂਟਾਂ 'ਤੇ ਡਰੋਨ ਹਮਲਿਆਂ ਦੀ ਰਿਪੋਰਟ ਦਿੱਤੀ।
ਇਸ ਦੌਰਾਨ, ਪੂਤਿਨ ਨੇ ਭਾਰਤ ਵਿੱਚ ਬ੍ਰਿਕਸ ਸਿਖ਼ਰ ਸੰਮੇਲਨ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਯੂਰਪੀ ਦੇਸ਼ਾਂ ਦੀ ਸਰਕਾਰ ਯੂਕਰੇਨ ਵਿੱਚ ਫੌਜ ਭੇਜਦੀ ਹੈ ਤਾਂ ਇਸ ਦਾ ਮਤਲਬ ''ਰੂਸ ਨਾਲ ਯੁੱਧ'' ਹੋਵੇਗਾ।
ਉਨ੍ਹਾਂ ਕਿਹਾ, ''ਹੁਣ ਉਹ (ਯੂਰਪੀ ਦੇਸ਼) ਯੂਕਰੇਨ ਵਿੱਚ ਫੌਜ ਭੇਜਣ 'ਤੇ ਵਿਚਾਰ ਕਰਨ ਦੀ ਗੱਲ ਕਰ ਰਹੇ ਹਨ। ਇਸ ਦਾ ਮਤਲਬ ਰੂਸ ਨਾਲ ਯੁੱਧ ਹੋਵੇਗਾ।''
ਪੂਤਿਨ ਨੇ ਇਹ ਵੀ ਕਿਹਾ ਕਿ ਰੂਸ ਤੋਂ ਯੂਰਪ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ, ''ਅਜਿਹਾ ਕੋਈ ਖ਼ਤਰਾ ਨਹੀਂ ਹੈ ਅਤੇ ਨਾ ਹੀ ਕਦੇ ਰਿਹਾ ਹੈ।''
ਉਨ੍ਹਾਂ ਕਿਹਾ, ''ਅਸੀਂ ਯੂਰਪੀ ਦੇਸ਼ਾਂ ਨੂੰ ਧਮਕੀ ਨਹੀਂ ਦਿੰਦੇ ਅਤੇ ਨਾ ਹੀ ਅਜਿਹਾ ਕਰਨ ਦਾ ਸਾਡਾ ਇਰਾਦਾ ਹੈ।''

