ਇਸਲਾਮਾਬਾਦ ’ਚ ਫਿਦਾਈਨ ਹਮਲਾ; 12 ਹਲਾਕ, 27 ਜ਼ਖ਼ਮੀ
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਅੱਜ ਇੱਕ ਅਦਾਲਤ ਦੇ ਬਾਹਰ ਪੁਲੀਸ ਵਾਹਨ ਨੇੜੇ ਆਤਮਘਾਤੀ ਬੰਬ ਧਮਾਕੇ ’ਚ 12 ਲੋਕ ਹਲਾਕ ਅਤੇ 27 ਹੋਰ ਜ਼ਖ਼ਮੀ ਹੋ ਗਏੇ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ...
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਅੱਜ ਇੱਕ ਅਦਾਲਤ ਦੇ ਬਾਹਰ ਪੁਲੀਸ ਵਾਹਨ ਨੇੜੇ ਆਤਮਘਾਤੀ ਬੰਬ ਧਮਾਕੇ ’ਚ 12 ਲੋਕ ਹਲਾਕ ਅਤੇ 27 ਹੋਰ ਜ਼ਖ਼ਮੀ ਹੋ ਗਏੇ। ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੌਕੇ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਹਮਲਾਵਰ ਇਸਲਾਮਾਬਾਦ ਜ਼ਿਲ੍ਹਾ ਜੁਡੀਸ਼ਲ ਕੰਪਲੈਕਸ ਅੰਦਰ ਜਾਣਾ ਚਾਹੁੰਦਾ ਸੀ ਪਰ ਨਾਕਾਮ ਹੋਣ ’ਤੇ ਉਸ ਨੇ ਦੁਪਹਿਰ 12.39 ਵਜੇ ਰਾਜਧਾਨੀ ਦੇ ਜੀ-11 ਇਲਾਕੇ ’ਚ ਇਮਾਰਤ ਦੇ ਗੇਟ ’ਤੇ ਪੁਲੀਸ ਵਾਹਨ ਨੇੜੇ ਵਿਸਫੋਟਕ ਸਮੱਗਰੀ ਨਾਲ ਧਮਾਕਾ ਕਰ ਦਿੱਤਾ। ਜ਼ਖਮੀਆਂ ’ਚ ਸੁਰੱਖਿਆ ਜਵਾਨ ਅਤੇ ਇੱਕ ਵਕੀਲ ਸ਼ਾਮਲ ਹੈ। ਕਿਸੇ ਵੀ ਗਰੁੱਪ ਜਾਂ ਵਿਅਕਤੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਸ੍ਰੀ ਨਕਵੀ ਨੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹੇ ਕਰਨ ਦੀ ਵਚਬੱਧਤਾ ਪ੍ਰਗਟਾਉਂਦਿਆਂ ਕਿਹਾ, ‘‘ਸਾਡੀ ਤਰਜੀਹ ਹਮਲਾਵਰਾਂ ਦੀ ਪਛਾਣ ਕਰਨਾ ਹੈ; ਜਦੋਂ ਹਮਲਾਵਰਾਂ ਦੀ ਪਛਾਣ ਹੋ ਜਾਵੇਗੀ ਤਾਂ ਅਸੀਂ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਾਂਗੇ।’’ ਉਨ੍ਹਾਂ ਕਿਹਾ ਕਿ ਪੀੜਤਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਇਸ ਨੂੰ ਫਿਦਾਈਨ ਹਮਲਾ ਕਰਾਰ ਦਿੱਤਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਅਫ਼ਗਾਨ ਤਾਲਿਬਾਨ ਨੇ ਬੰਬ ਰਾਹੀਂ ਇਸਲਾਮਾਬਾਦ ਨੂੰ ਸੁਨੇਹਾ ਭੇਜਿਆ ਹੈ, ਪਾਕਿਸਤਾਨ ਇਸ ਦਾ ਜਵਾਬ ਦੇਣ ਦੇ ਸਮਰੱਥ ਹੈ।
ਬਾਰੂਦੀ ਸੁਰੰਗ ਧਮਾਕੇ ’ਚ 16 ਜਵਾਨ ਜ਼ਖ਼ਮੀ
ਪਿਸ਼ਾਵਰ: ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ’ਚ ਸੁਰੱਖਿਆ ਬਲਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਬਾਰੂਦੀ ਸੁਰੰਗ ਧਮਾਕੇ ’ਚ ਘੱਟੋ-ਘੱਟ 16 ਜਵਾਨ ਜ਼ਖ਼ਮੀ ਹੋ ਗਏ। ਇਹ ਧਮਾਕਾ ਸੋਮਵਾਰ ਰਾਤ ਲੋਨੀ ਪਿੰਡ ਨੇੜੇ ਉਸ ਸਮੇਂ ਹੋਇਆ ਜਦੋਂ ਪਾਕਿਸਤਾਨੀ ਫੌਜ ਤੇ ਫਰੰਟੀਅਰ ਕੋਰ ਦੇ ਜਵਾਨਾਂ ਦਾ ਕਾਫ਼ਲਾ ਡੇਰਾ ਇਸਮਾਈਲ ਖ਼ਾਨ ਜ਼ਿਲ੍ਹੇ ’ਚ ਲੋਨੀ ਪੋਸਟ ਤੋਂ ਮੁੜ ਰਿਹਾ ਸੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਲੰਘੇ ਦਿਨ ਅਫ਼ਗਾਨਿਸਤਾਨ ਦੀ ਸਰਹੱਦ ਨੇੜੇ ਦੱਖਣੀ ਵਜ਼ੀਰਿਸਤਾਨ ਜ਼ਿਲ੍ਹੇ ’ਚ ਕੈਡਿਟ ਕਾਲਜ ਵਾਨਾ ਦੇ ਮੁੱਖ ਗੇਟ ਨੇੜੇ ਹੋਏ ਆਤਮਘਾਤੀ ਧਮਾਕੇ ’ਚ ਛੇ ਜਣੇ ਜ਼ਖ਼ਮੀ ਹੋਏ ਸਨ। ਉਨ੍ਹਾਂ ਕਿਹਾ ਕਿ ਇਹ ਹਮਲਾ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਨੇ ਕੀਤਾ ਹੈ।

