Extreme weather: Serbia ਵਿੱਚ ਗਰਮੀ ਕਾਰਨ ਨਦੀਆਂ ਤੇ ਤਲਾਬ ਸੁੱਕਣ ਲੱਗੇ
ਮੱਛੀ ਫਾਰਮਿੰਗ ਨੂੰ ਵੱਡਾ ਨੁਕਸਾਨ ਹੋਣ ਦਾ ਡਰ ਬਣਿਆ
ਸਰਬੀਆ ’ਚ ਭਿਆਨਕ ਸੋਕੇ ਅਤੇ ਅਤਿ ਦੀ ਗਰਮੀ ਕਾਰਨ ਤਲਾਬਾਂ ’ਚ ਪਾਣੀ ਘਟਦਾ ਜਾ ਰਿਹਾ ਹੈ ਅਤੇ ਦੇਸ਼ ਦੇ ਉੱਤਰੀ ਹਿੱਸੇ ਵਿੱਚ ਡੈਨਿਊਬ ਦਰਿਆ ਦੇ ਸੁੱਕੇ ਹੋਏ ਕਿਨਾਰਿਆਂ ’ਤੇ ਤਿੜਕੀ ਹੋਈ ਜ਼ਮੀਨ ’ਚ ਛੋਟੀਆਂ ਬੇੜੀਆਂ ਬੇਕਾਰ ਖੜ੍ਹੀਆਂ ਹਨ। ਪਾਣੀ ਘਟਣ ਕਾਰਨ ਮੱਛੀਆਂ ਦੇ ਮਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਮਛੇਰੇ ਦੁਸਾਨ ਯੋਵਾਨੋਵਿਚ ਨੇ ਕਿਹਾ ਕਿ ਉਨ੍ਹਾਂ ਕੋਲ ਇਹੀ ਸਭ ਕੁਝ ਹੈ। ਇਹ ਦੋ ਛੋਟੇ ਤਲਾਬ ਜੋ ਛੋਟੀਆਂ ਮੱਛੀਆਂ ਨਾਲ ਭਰੇ ਹੋਏ ਹਨ। ਉਨ੍ਹਾਂ ਕਿਹਾ ਕਿ ਮੱਛੀਆਂ ਖ਼ਤਰੇ ਵਿੱਚ ਹਨ ਕਿਉਂਕਿ ਪਾਣੀ ਬਹੁਤ ਘੱਟ ਹੈ ਅਤੇ ਇੱਥੇ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਵੱਧ ਹੈ। ਜੇ ਮੱਛੀਆਂ ਮਰਨੀਆਂ ਸ਼ੁਰੂ ਹੋ ਗਈਆਂ ਤਾਂ ਸਾਰੀਆਂ ਇੱਕੋ ਸਮੇਂ ਮਰ ਜਾਣਗੀਆਂ। ਲਗਾਤਾਰ ਸੋਕੇ ਅਤੇ ਝੁਲਸਾ ਦੇਣ ਵਾਲੀ ਗਰਮੀ ਨੇ ਸਲੋਵੇਨੀਆ ਵਿੱਚ ਝੀਲ ਅਤੇ ਸਰਬੀਆ ਵਿੱਚ ਡੈਨਿਊਬ ਦਰਿਆ ਤੋਂ ਲੈ ਕੇ ਬੋਸਨੀਆ, ਚੈੱਕ ਗਣਰਾਜ, ਰੋਮਾਨੀਆ ਅਤੇ ਹੰਗਰੀ ਤੱਕ ਵਿੱਚ ਮੱਛੀ ਕਾਰੋਬਾਰਾਂ ਨੂੰ ਤਬਾਹ ਕਰ ਦਿੱਤਾ ਹੈ। ਮੱਛੀ ਉਦਯੋਗ ਨੂੰ ਸਭ ਤੋਂ ਵੱਧ ਨੁਕਸਾਨ ਪੁੱਜਾ ਹੈ ਜਿਸ ਦਾ ਨੁਕਸਾਨ ਲੱਖਾਂ ਯੂਰੋ ’ਚ ਹੋਣ ਦਾ ਅਨੁਮਾਨ ਹੈ। ਰਾਸ਼ਟਰੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਹੰਗਰੀ ਦੀ ਤਕਰੀਬਨ 99 ਫ਼ੀਸਦ ਜ਼ਮੀਨ ਮੌਜੂਦਾ ਸਮੇਂ ਵਿੱਚ ਗੰਭੀਰ ਜਾਂ ਅਤਿਅੰਤ ਸੋਕੇ ਦੀ ਮਾਰ ਹੇਠ ਹੈ। ਗਰਮੀ ਕਾਰਨ ਹੰਗਰੀ ਦੇ ਤਕਰੀਬਨ 27 ਹਜ਼ਾਰ ਹੈਕਟੇਅਰ ਮੱਛੀ ਫਾਰਮ ਪ੍ਰਭਾਵਤ ਹੋਏ ਹਨ। ਦੇਸ਼ ਦੇ ਖੇਤੀਬਾੜੀ ਅਤੇ ਖ਼ੁਰਾਕੀ ਅਰਥਚਾਰੇ ਬਾਰੇ ਮੰਤਰਾਲੇ ਨੇ ਪਿਛਲੇ ਹਫਤੇ ਕਿਹਾ ਸੀ ਕਿ ਗਰਮੀ ਅਤੇ ਪਾਣੀ ਦੀ ਘਾਟ ਕਾਰਨ 20 ਫਾਰਮਾਂ ਵਿੱਚ ਤਕਰੀਬਨ 280 ਮੀਟ੍ਰਿਕ ਟਨ ਮੱਛੀਆਂ ਮਰ ਗਈਆਂ ਹਨ।

