ਆਸਟਰੇਲੀਆ ਦੇ ਅੱਧੇ ਤੋਂ ਵੱਧ ਹਿੱਸੇ ਵਿੱਚ ਪੈ ਰਹੀ ਅਤਿ ਦੀ ਗਰਮੀ ਨੂੰ ਮੌਸਮ ਵਿਗਿਆਨੀਆਂ ਨੇ 2019-20 ਦੀ ‘ਬਲੈਕ ਸਮਰ’ ਤੋਂ ਬਾਅਦ ਸਭ ਤੋਂ ਖ਼ਤਰਨਾਕ ‘ਹੀਟਵੇਵ’ ਕਰਾਰ ਦਿੱਤਾ ਹੈ।
ਬਿਊਰੋ ਆਫ ਮੈਟੀਓਰੋਲੌਜੀ (ਬੀ ਓ ਐੱਮ) ਮੁਤਾਬਕ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਦੱਖਣੀ ਆਸਟਰੇਲੀਆ, ਪੱਛਮੀ ਆਸਟਰੇਲੀਆ ਅਤੇ ਉੱਤਰੀ ਖਿੱਤੇ ਦੇ ਕਈ ਇਲਾਕਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਹੈ। ਇਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਲਈ ਖ਼ਤਰਾ ਵਧ ਗਿਆ ਹੈ। ਖੁਸ਼ਕ, ਗਰਮ ਤੇ ਤੇਜ਼ ਹਵਾਵਾਂ ਨਾਲ ਜੰਗਲੀ ਇਲਾਕਿਆਂ ਵਿੱਚ ਅੱਗ ਲੱਗਣ ਦਾ ਖ਼ਤਰਾ ਕਾਫੀ ਵਧ ਗਿਆ ਹੈ। ਵਿਕਟੋਰੀਆ ਅਤੇ ਸਾਊਥ ਆਸਟੇਲੀਆ ਵਿੱਚ ਕਈ ਇਲਾਕਿਆਂ ’ਚ ਅੱਗ ਲਗਾਉਣ ’ਤੇ ਪਾਬੰਦੀ ਲਾਗੂ ਹੈ। ਕੁਝ ਇਲਾਕਿਆਂ ਵਿੱਚ ਅੱਗ ਬੁਝਾਉ ਸੇਵਾਵਾਂ ਨੂੰ ਪਹਿਲਾਂ ਹੀ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ। ਹਸਪਤਾਲਾਂ ਵਿੱਚ ‘ਹੀਟ ਸਟਰੋਕ’ (ਲੂ) ਲੱਗਣ ਅਤੇ ਸ਼ਰੀਰ ਵਿੱਚ ਪਾਣੀ ਦੀ ਕਮੀ ਨਾਲ ਸਬੰਧਤ ਮਰੀਜ਼ ਵਧ ਰਹੇ ਹਨ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਸਟਰੇਲੀਆ ਦਾ ਕੌਮੀ ਔਸਤ ਤਾਪਮਾਨ 1910 ਤੋਂ 1.5 ਡਿਗਰੀ ਵਧ ਚੁੱਕਾ ਹੈ। ਇਹ ‘ਜਲਵਾਯੂ ਪਰਿਵਰਤਨ’ ਹੈ ਜਿਸ ਨਾਲ ਅਜਿਹੀਆਂ ਘਟਨਾਵਾਂ ਵਧੇਰੇ ਆਮ ਅਤੇ ਗੰਭੀਰ ਹੋ ਰਹੀਆਂ ਹਨ। ਸਿਹਤ ਵਿਭਾਗ ਨੇ ਲੋਕਾਂ ਨੂੰ ਦਿਨ ਦੇ ਸਭ ਤੋਂ ਵੱਧ ਗਰਮੀ ਵਾਲੇ ਸਮੇਂ ਘਰਾਂ ਅੰਦਰ ਰਹਿਣ, ਵੱਧ ਤੋਂ ਵੱਧ ਪਾਣੀ ਪੀਣ ਅਤੇ ਬਿਨਾ ਲੋੜ ਤੋਂ ਘਰੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ।

