Europe Wild fires ਯੂਨਾਨ ’ਚ ਜੰਗਲੀ ਅੱਗ ਕਾਰਨ ਤਬਾਹੀ
ਫਰਾਂਸ ਤੇ ਸਪੇਨ ਨੂੰ ਵੀ ਅੱਗ ਦੀ ਮਾਰ; ਆਸਟ੍ਰੀਆ ’ਚ ਗਰਮੀ ਕਾਰਨ ਸੈਂਕਡ਼ੇ ਮੌਤਾਂ
ਤੇਜ਼ ਹਵਾਵਾਂ ਕਾਰਨ ਜੰਗਲਾਂ ’ਚ ਭੜਕੀ ਅੱਗ ਨੇ ਅੱਜ ਯੂਨਾਨ (ਗਰੀਸ) ਦੇ ਕਈ ਇਲਾਕਿਆਂ ਨੂੰ ਸਾੜ ਕੇ ਸੁਆਹ ਕਰ ਦਿੱਤਾ। ਇਨ੍ਹਾਂ ਵਿੱਚ ਰਾਜਧਾਨੀ ਏਥਨਜ਼ ਨੇੜਲੇ ਇਲਾਕੇ ਵੀ ਸ਼ਾਮਲ ਹਨ। ਇਸ ਦੌਰਾਨ ਵਿਆਪਕ ਤੌਰ ’ਤੇ ਅੱਗ ਬੁਝਾਉਣ ਦਾ ਕਾਰਜ ਜਾਰੀ ਹੈ ਤੇ ਲੋਕਾਂ ਨੂੰ ਜੋਖ਼ਮ ਵਾਲੇ ਇਲਾਕਿਆਂ ਵਿੱਚੋਂ ਕੱਢਿਆ ਜਾ ਰਿਹਾ ਹੈ। ਸਪੇਨ ਤੇ ਫਰਾਂਸ ਦੇ ਕਈ ਹਿੱਸਿਆਂ ਵਿੱਚ ਵੀ ਹਾਲਾਤ ਦੁਬਾਰਾ ਬਦਤਰ ਹੋ ਗਏ ਹਨ।
ਯੂਰੋਪ ਨੂੰ ਇਸ ਸਾਲ ਗਰਮੀਆਂ ’ਚ ਵੱਡੇ ਪੱਧਰ ’ਤੇ ਜੰਗਲਾਂ ਦੀ ਅੱਗ ਨਾਲ ਜੂਝਣਾ ਪੈ ਰਿਹਾ ਹੈ। ਲੂ ਅਤੇ ਘੱਟ ਮੀਂਹ ਪੈਣ ਕਾਰਨ ਇਸ ਵਾਰ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ। ਫਰਾਂਸ ਤੇ ਸਪੇਨ ਵਿੱਚ ਕਈ ਪਿੰਡ ਤਬਾਹ ਹੋ ਗਏ ਹਨ, ਤੇ ਲੱਖਾਂ ਲੋਕਾਂ ਨੂੰ ਆਪਣੇ ਘਰ ਬਾਰ ਛੱਡ ਕੇ ਭੱਜਣਾ ਪਿਆ ਹੈ। ਫਰਾਂਸ ਦੇ ਪਹਾੜੀ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਦੁਬਾਰਾ ਭੜਕੀ ਅੱਗ ਨੇ ਛੇ ਘੰਟਿਆਂ ਵਿੱਚ ਇਕ ਹਜ਼ਾਰ ਹੈਕਟੇਅਰ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਲਾਕੇ ਵਿੱਚ ਅਜੇ ਤਿੰਨ ਦਿਨ ਪਹਿਲਾਂ ਹੀ ਅੱਗ ਉਤੇ ਕਾਬੂ ਪਾਇਆ ਗਿਆ ਸੀ।
ਕਈ ਜਗ੍ਹਾ ਜੰਗਲਾਂ ’ਚ ਅੱਗ ਲੱਗਣ ਕਾਰਨ ਸਪੇਨ ਨੇ ਕੁਝ ਦਿਨ ਪਹਿਲਾਂ ਐਮਰਜੈਂਸੀ ਐਲਾਨੀ ਸੀ। ਸ਼ੁੱਕਰਵਾਰ ਰਾਤ ਨੂੰ ਲਿਓਨ ਸੂਬੇ ਵਿੱਚ ਅੱਗ ਲੱਗਣ ਕਾਰਨ ਸਥਿਤੀ ਵਿਗੜ ਗਈ। ਇਸ ਦੇ ਨਾਲ ਲੱਗਦੇ ਜ਼ਮੋਰਾ ਸੂਬੇ ਵਿੱਚ ਸਥਿਤੀ ਕੁੱਝ ਸੁਧਰੀ ਹੈ ਜਿੱਥੇ ਅੱਗ ਨੇ 11,000 ਹੈਕਟੇਅਰ ਰਕਬੇ ਨੂੰ ਲਪੇਟ ਵਿੱਚ ਲੈ ਲਿਆ ਸੀ। ਰਾਜਧਾਨੀ ਮੈਡਰਿਡ ਤੇ ਅਵੀਲਾ ਖੇਤਰਾਂ ’ਚ ਸਥਿਤੀ ਫ਼ਿਲਹਾਲ ਸਥਿਰ ਹੈ। ਇਸੇ ਦੌਰਾਨ ਆਸਟ੍ਰੀਆ ਦੀ ਸਿਹਤ ਏਜੰਸੀ ਨੇ ਦੱਸਿਆ ਕਿ ਜੂਨ ’ਚ ਦੇਸ਼ ਵਿੱਚ ਗਰਮੀ ਕਾਰਨ 395 ਮੌਤਾਂ ਹੋਈਆਂ ਹਨ। ਬਰਤਾਨੀਆ, ਫਰਾਂਸ ਤੇ ਜਰਮਨੀ ਨੇ ਵੀ ਗਰਮੀ ਕਾਰਨ ਇਸ ਸਾਲ ਸੈਂਕੜੇ ਮੌਤਾਂ ਦੀ ਪੁਸ਼ਟੀ ਕੀਤੀ ਹੈ।

