ਅਮਰੀਕਾ ਦੀਆਂ ਦੋਵਾਂ ਸਿਆਸੀ ਪਾਰਟੀਆਂ ਦੇ ਸੰਸਦ ਮੈਂਬਰਾਂ ਤੇ ਆਗੂਆਂ ਨੇ ਭਾਰਤ-ਅਮਰੀਕਾ ਸਬੰਧਾਂ ਅਤੇ ਪਰਵਾਸੀ ਭਾਰਤੀ ਭਾਈਚਾਰੇ ਵੱਲੋਂ ਪਾਏ ਯੋਗਦਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਭਾਈਵਾਲੀ ਦੁਨੀਆ ਭਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਕਾਫੀ ਅਹਿਮ ਹੈ। ਉਨ੍ਹਾਂ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਨਿਊਯਾਰਕ ਸਥਿਤ ਭਾਰਤੀ ਕੌਂਸਲੇਟ ਜਨਰਲ ਨੇ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਇੱਥੇ ਵਿਸ਼ੇਸ਼ ਸਵਾਗਤ ਸਮਾਰੋਹ ਕਰਵਾਇਆ। ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਬਿਨੈ ਸ੍ਰੀਕਾਂਤ ਪ੍ਰਧਾਨ ਅਤੇ ਡਿਪਟੀ ਕੌਂਸਲੇਟ ਜਨਰਲ ਵਿਸ਼ਾਲ ਹਰਸ਼ ਨੇ ਸਮਾਰੋਹ ਵਿੱਚ ਮੌਜੂਦ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਇਸ ਸਮਾਰੋਹ ਵਿੱਚ ਸਰਕਾਰੀ ਅਧਿਕਾਰੀਆਂ, ਕਾਰੋਬਾਰੀਆਂ, ਸਿੱਖਿਆ ਅਤੇ ਸਭਿਆਚਾਰ ਜਗਤ ਨਾਲ ਜੁੜੇ ਆਗੂਆਂ, ਭਾਰਤੀ-ਅਮਰੀਕੀ ਭਾਈਚਾਰੇ ਦੇ ਕਈ ਅਹਿਮ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਡੈਲਾਵੇਅਰ ਦੇ ਗਵਰਨਰ ਮੈਟ ਮੇਅਰ ਨੇ ਕਿਹਾ ਕਿ ਭਾਰਤੀ ਭਾਈਚਾਰਾ ਉਨ੍ਹਾਂ ਦੇ ਸੂਬੇ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਪਰਵਾਸੀ ਭਾਈਚਾਰਾ ਹੈ। ਉਹ ਮਾਰਚ ਮਹੀਨੇ ਭਾਰਤ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਮੁੰਬਈ, ਦਿੱਲੀ ਅਤੇ ਹੈਦਰਾਬਾਦ ਵਿੱਚ ਵਪਾਰਕ ਵਫ਼ਦ ਦੀ ਅਗਵਾਈ ਕਰਨਗੇ। ਸਫ਼ੋਲਕ ਕਾਊਂਟੀ ਤੋਂ ਰਿਪਬਲਿਕਨ ਅਮਰੀਕੀ ਪ੍ਰਤੀਨਿਧੀ ਨਿਕ ਲਾਲੋਟਾ ਨੇ ਨਿਊਯਾਰਕ ਦੇ ਲਾਂਗ ਆਇਲੈਂਡ ਵਿੱਚ ਇਤਾਲਵੀ ਅਤੇ ਆਇਰਿਸ਼ ਭਾਈਚਾਰਿਆਂ ਤੋਂ ਬਾਅਦ ਵਧ-ਫੁੱਲ ਰਹੇ ਭਾਰਤੀ ਭਾਈਚਾਰੇ ਨੂੰ ‘ਤੀਜਾ ਭਾਈਚਾਰਾ’ ਕਰਾਰ ਦਿੱਤਾ।

