Emergency Alert: ਬ੍ਰਿਟਿਸ਼ ਕੋਲੰਬੀਆ ਨੇ ਜੰਗਲੀ ਅੱਗ ਕਾਰਨ ਐਮਰਜੈਂਸੀ ਲਾਈ
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਜੰਗਲਾਂ ’ਚ ਫੈਲ ਰਹੀ ਅੱਗ ਕਾਰਨ ਐਮਰਜੈਂਸੀ ਲਾ ਦਿੱਤੀ ਹੈ। ਓਕਨਾਗਨ ਖੇਤਰ ’ਚ ਅੱਗ ਕਾਰਨ ਕਰੀਬ 20 ਹਜ਼ਾਰ ਵਿਅਕਤੀਆਂ ਨੂੰ ਆਪਣੇ ਘਰ-ਬਾਰ ਛੱਡਣੇ ਪਏ ਹਨ। ਸੰਘਣੇ ਧੂੰਏਂ ਕਾਰਨ ਫੋਨ ਅਤੇ ਇੰਟਰਨੈੱਟ ਸੇਵਾਵਾਂ ਬੁਰੀ ਤਰ੍ਹਾਂ...
ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਨੇ ਜੰਗਲਾਂ ’ਚ ਫੈਲ ਰਹੀ ਅੱਗ ਕਾਰਨ ਐਮਰਜੈਂਸੀ ਲਾ ਦਿੱਤੀ ਹੈ। ਓਕਨਾਗਨ ਖੇਤਰ ’ਚ ਅੱਗ ਕਾਰਨ ਕਰੀਬ 20 ਹਜ਼ਾਰ ਵਿਅਕਤੀਆਂ ਨੂੰ ਆਪਣੇ ਘਰ-ਬਾਰ ਛੱਡਣੇ ਪਏ ਹਨ। ਸੰਘਣੇ ਧੂੰਏਂ ਕਾਰਨ ਫੋਨ ਅਤੇ ਇੰਟਰਨੈੱਟ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਹੈਲੀਕਾਪਟਰਾਂ ਰਾਹੀਂ ਰਾਹਤ ਕਾਰਜ ਚਲਾਉਣ ’ਚ ਭਾਰੀ ਜੋਖ਼ਮ ਬਣਿਆ ਹੋਇਆ ਹੈ। ਕਿਸੇ ਜਾਨੀ ਨੁਕਸਾਨ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਸਰਕਾਰ ਵੱਲੋਂ ਘਰ ਛੱਡਣ ਵਾਲੇ ਲੋਕਾਂ ਨੂੰ ਰੋਜ਼ਾਨਾ 200 ਡਾਲਰ ਦੀ ਮਦਦ ਦਿੱਤੀ ਜਾ ਰਹੀ ਹੈ। ਹਲਕੇ ਦੀ ਵਿਧਾਇਕ ਅਮੈਲੀਆ ਬੌਲਟਬੀ ਨੇ ਦੱਸਿਆ ਕਿ ਰਾਹਤ ਰਾਸ਼ੀ ਪੀੜਤਾਂ ਦੇ ਖਾਤਿਆਂ ’ਚ ਸਿੱਧੇ ਜਮ੍ਹਾਂ ਕਰਵਾਈ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਘਟਾਇਆ ਜਾ ਸਕੇ। ਅੱਗ ਹੁਣ ਪੈਂਟਿਕਟਨ ਸ਼ਹਿਰ ਤੱਕ ਪਹੁੰਚ ਗਈ ਹੈ ਜਿੱਥੇ ਬਾਗ਼ਬਾਨ ਆਪਣੇ ਪੱਧਰ ’ਤੇ ਪਰਿਵਾਰਾਂ ਅਤੇ ਬਾਗ਼ਾਂ ਨੂੰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। ਐਮਰਜੈਂਸੀ ਨੰਬਰ 911 ਉੱਤੇ ਇੰਨੀਆਂ ਫੋਨ ਕਾਲਾਂ ਆ ਰਹੀਆਂ ਹਨ ਕਿ ਕਈਆਂ ਨੂੰ ਸੁਣਨਾ ਮੁਸ਼ਕਲ ਹੋ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੰਗਾਮੀ ਨੰਬਰ ਦੀ ਵਰਤੋਂ ਸਿਰਫ਼ ਜਾਨਲੇਵਾ ਸਥਿਤੀ ਹੋਣ ’ਤੇ ਹੀ ਕਰਨ ਤਾਂ ਜੋ ਅਸਲ ਲੋੜਵੰਦਾਂ ਤੱਕ ਤੁਰੰਤ ਮਦਦ ਪਹੁੰਚਾਈ ਜਾ ਸਕੇ। ਸੂਬਾ ਸਰਕਾਰ ਵੱਲੋਂ ਆਪਣੇ ਸਾਰੇ ਸਾਧਨ ਅੱਗ ’ਤੇ ਕਾਬੂ ਪਾਉਣ ਲਈ ਸਰਗਰਮ ਹੋ ਗਏ ਹਨ। ਉਂਜ ਹਾਲੇ ਤੱਕ ਫੈਡਰਲ ਸਰਕਾਰ ਵੱਲੋਂ ਸੂਬਾ ਸਰਕਾਰ ਦੀ ਮਦਦ ਲਈ ਕੋਈ ਰਾਹਤ ਪੈਕੇਜ ਜਾਂ ਆਪਣੇ ਤੌਰ ’ਤੇ ਅੱਗ ਬੁਝਾਉਣ ਦੇ ਯਤਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ।

