ਪੱਛਮੀ ਨੇਪਾਲ ਵਿੱਚ ਭੂਚਾਲ ਦੇ ਝਟਕੇ; ਮਹਿਲਾ ਹਲਾਕ : The Tribune India

ਪੱਛਮੀ ਨੇਪਾਲ ਵਿੱਚ ਭੂਚਾਲ ਦੇ ਝਟਕੇ; ਮਹਿਲਾ ਹਲਾਕ

ਦਿੱਲੀ, ਉੱਤਰ ਪ੍ਰਦੇਸ਼ ਤੇ ਜੈਪੁਰ ਵਿੱਚ ਵੀ ਮਹਿਸੂਸ ਹੋਏ ਝਟਕੇ

ਪੱਛਮੀ ਨੇਪਾਲ ਵਿੱਚ ਭੂਚਾਲ ਦੇ ਝਟਕੇ; ਮਹਿਲਾ ਹਲਾਕ

ਨੇਪਾਲ ਵਿੱਚ ਭੂਚਾਲ ਦੌਰਾਨ ਨੁਕਸਾਨੀ ਇਮਾਰਤ। -ਫੋਟੋ: ਏਐੱਨਆਈ

ਕਾਠਮੰਡੂ, 24 ਜਨਵਰੀ

ਨੇਪਾਲ ਦੇ ਪੱਛਮੀ ਇਲਾਕੇ ਵਿੱਚ ਅੱਜ ਦੁਪਹਿਰ ਵੇਲੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਇਸ ਭੂਚਾਲ ਦੀ ਗਤੀ 5.9 ਦਰਜ ਕੀਤੀ ਗਈ ਹੈ। ਇਸ ਭੂਚਾਲ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ ਤੇ ਤਿੰਨ ਦਰਜਨ ਮਕਾਨਾਂ ਸਣੇ ਇਕ ਮੰਦਰ ਨੂੰ ਨੁਕਸਾਨ ਪਹੁੰਚਿਆ। ਪੁਲੀਸ ਅਨੁਸਾਰ ਭੂਚਾਲ ਕਾਰਨ ਢਿੱਗਾਂ ਡਿੱਗਣ ਨਾਲ 40 ਭੇਡਾਂ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਭੂਚਾਲ ਦੇ ਝਟਕੇ ਦਿੱਲੀ ਦੇ ਕੁਝ ਹਿੱਸਿਆਂ, ਉੱਤਰ ਪ੍ਰਦੇਸ਼, ਕੌਮੀ ਰਾਜਧਾਨੀ ਇਲਾਕਾ ਤੇ ਜੈਪੁਰ ਵਿੱਚ ਵੀ ਮਹਿਸੂਸ ਹੋਏ। ਨੇਪਾਲ ਵਿੱਚ ਭੂਚਾਲ ਦਾ ਕੇਂਦਰ ਸੁਦੂਰਪਸਚਿਮ ਪ੍ਰਾਂਤ ਦੇ ਬਜੌਰ ਜ਼ਿਲ੍ਹੇ ਦੇ ਮੇਲਾ ਇਲਾਕੇ ਵਿੱਚ ਸੀ। ਨੇਪਾਲ ਦੇ ਭੂਚਾਲ ਮਾਪ ਕੇਂਦਰ ਤੇ ਖੋਜ ਸੰਸਥਾ ਦੇ ਮੁਖੀ ਲੋਕ ਬਿਜਾਇਆ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਭੂਚਾਲ ਦੇ ਝਟਕੇ ਦੁਪਹਿਰ 2.43 ਵਜੇ ਮਹਿਸੂਸ ਹੋਏ। ਪੁਲੀਸ ਅਨੁਸਾਰ ਬਜੌਰ ਜ਼ਿਲ੍ਹੇ ਦੇ ਬੜੀਮਲਿਕਾ ਨਿਗਮ ਖੇਤਰ ਦੇ ਵਾਰਡ ਨੰਬਰ 7 ਅਤੇ 9 ਵਿੱਚ ਚਾਰ ਮਕਾਨ ਨੁਕਸਾਨੇ ਗਏ। ਇਸ ਖੇਤਰ ਵਿੱਚ ਹੀ ਮੰਦਿਰ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ। ਨੇਪਾਲ ਦੀ ਫੌਜ ਤੇ ਪੁਲੀਸ ਨੂੰ ਬਚਾਅ ਕਾਰਜਾਂ ਲਈ ਤਾਇਨਾਤ ਕਰ ਦਿੱਤਾ ਗਿਆ ਹੈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All