China ਦੇ ਸ਼ਿਨਜਿਆਂਗ ਵਿੱਚ Earthquake; ਰਿਕਟਰ ਪੈਮਾਨੇ ’ਤੇ 4.9 ਰਹੀ ਤੀਬਰਤਾ
ਜ਼ਮੀਨ ਤੋਂ 145 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ ਕੇਂਦਰ; ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਨੇ ਦਿੱਤੀ ਜਾਣਕਾਰੀ
ਚੀਨ ਦੇ ਸ਼ਿਨਜਿਆਂਗ ਸੂਬੇ ਵਿੱਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ (NCS) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.9 ਮਾਪੀ ਗਈ ਹੈ। ਭੂਚਾਲ ਵਿਗਿਆਨੀਆਂ ਮੁਤਾਬਕ ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸ਼ਾਮ 6:54 ਵਜੇ ਆਇਆ। ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਜਾਣਕਾਰੀ ਸਾਂਝੀ ਕਰਦਿਆਂ ਐਨ.ਸੀ.ਐਸ ਨੇ ਦੱਸਿਆ ਕਿ ਇਸ ਭੂਚਾਲ ਦਾ ਕੇਂਦਰ ਜ਼ਮੀਨ ਦੀ ਸਤਹਿ ਤੋਂ ਲਗਪਗ 145 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਵਿਗਿਆਨਕ ਨਜ਼ਰੀਏ ਤੋਂ ਭੂਚਾਲ ਜ਼ਮੀਨ ਦੀ ਸਤਹਿ ਤੋਂ ਲੈ ਕੇ 700 ਕਿਲੋਮੀਟਰ ਦੀ ਡੂੰਘਾਈ ਤੱਕ ਕਿਤੇ ਵੀ ਆ ਸਕਦੇ ਹਨ। ਯੂ.ਐਸ.ਜੀ.ਐਸ (USGS) ਦੇ ਅੰਕੜਿਆਂ ਅਨੁਸਾਰ ਭੂਚਾਲਾਂ ਨੂੰ ਉਨ੍ਹਾਂ ਦੀ ਡੂੰਘਾਈ ਦੇ ਆਧਾਰ ’ਤੇ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਘੱਟ ਡੂੰਘੇ (0-70 ਕਿਲੋਮੀਟਰ), ਦਰਮਿਆਨੇ (70-300 ਕਿਲੋਮੀਟਰ) ਅਤੇ ਬਹੁਤ ਡੂੰਘੇ (300-700 ਕਿਲੋਮੀਟਰ)। ਸ਼ਿਨਜਿਆਂਗ ਵਿੱਚ ਆਇਆ ਇਹ ਭੂਚਾਲ 145 ਕਿਲੋਮੀਟਰ ਡੂੰਘਾ ਹੋਣ ਕਾਰਨ ਇਸ ਨੂੰ ਡੀਪ-ਫੋਕਸ ਜਾਂ ਦਰਮਿਆਨੀ ਡੂੰਘਾਈ ਵਾਲੇ ਭੂਚਾਲਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਫਿਲਹਾਲ ਇਸ ਕੁਦਰਤੀ ਆਫ਼ਤ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਖ਼ਬਰ ਸਾਹਮਣੇ ਨਹੀਂ ਆਈ ਹੈ।

