ਰੂਸ ਵੱਲੋਂ ਯੂਕਰੇਨ ਦੇ ਕਈ ਹਿੱਸਿਆਂ ’ਚ ਡਰੋਨ ਹਮਲੇ : The Tribune India

ਰੂਸ ਵੱਲੋਂ ਯੂਕਰੇਨ ਦੇ ਕਈ ਹਿੱਸਿਆਂ ’ਚ ਡਰੋਨ ਹਮਲੇ

ਰੂਸ ਵੱਲੋਂ ਯੂਕਰੇਨ ਦੇ ਕਈ ਹਿੱਸਿਆਂ ’ਚ ਡਰੋਨ ਹਮਲੇ

ਕੀਵ, 18 ਮਾਰਚ

ਕੌਮਾਂਤਰੀ ਅਪਰਾਧ ਅਦਾਲਤ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਖ਼ਿਲਾਫ਼ ਕੱਢੇ ਗਏ ਗ੍ਰਿਫ਼ਤਾਰੀ ਵਾਰੰਟਾਂ ਦੇ ਬਾਵਜੂਦ ਯੂਕਰੇਨ ਉਤੇ ਰੂਸ ਦੇ ਹਮਲੇ ਜਾਰੀ ਹਨ। ਜ਼ਿਕਰਯੋਗ ਹੈ ਕਿ ਰੂਸ ਦੇ ਬੱਚਿਆਂ ਦੇ ਹੱਕਾਂ ਬਾਰੇ ਕਮਿਸ਼ਨਰ ਵਿਰੁੱਧ ਵੀ ਵਾਰੰਟ ਕੱਢੇ ਗਏ ਹਨ। ਸ਼ੁੱਕਰਵਾਰ ਰਾਤ ਯੂਕਰੇਨ ਨੂੰ 16 ਰੂਸੀ ਡਰੋਨਾਂ ਨੇ ਨਿਸ਼ਾਨਾ ਬਣਾਇਆ ਹੈ। ਯੂਕਰੇਨ ਦੀ ਹਵਾਈ ਸੈਨਾ ਮੁਤਾਬਕ 11 ਡਰੋਨ ਡੇਗ ਵੀ ਦਿੱਤੇ ਗਏ। ਰੂਸ ਨੇ ਇਨ੍ਹਾਂ ਹਮਲਿਆਂ ਵਿਚ ਕੀਵ ਤੇ ਪੱਛਮੀ ਲਵੀਵ ਸੂਬੇ ਨੂੰ ਨਿਸ਼ਾਨਾ ਬਣਾਇਆ। ਕੀਵ ਸ਼ਹਿਰ ਦੇ ਪ੍ਰਸ਼ਾਸਨ ਨੇ ਦੱਸਿਆ ਕਿ ਰਾਜਧਾਨੀ ਵੱਲ ਆ ਰਹੇ ਸਾਰੇ ਡਰੋਨ ਡੇਗ ਦਿੱਤੇ ਗਏ ਹਨ। ਜਦਕਿ ਲਵੀਵ ਵਿਚ ਤਿੰਨ ਡਰੋਨ ਪੋਲੈਂਡ ਨਾਲ ਲੱਗਦੇ ਸਰਹੱਦੀ ਜ਼ਿਲ੍ਹੇ ਵਿਚ ਪਹੁੰਚ ਗਏ ਤੇ ਹਮਲਾ ਕੀਤਾ।

ਯੂਕਰੇਨ ਦੀ ਸੈਨਾ ਮੁਤਾਬਕ ਪਿਛਲੇ 24 ਘੰਟਿਆਂ ਵਿਚ ਰੂਸ ਨੇ 34 ਹਵਾਈ ਹਮਲੇ ਕੀਤੇ ਹਨ। ਇਕ ਮਿਜ਼ਾਈਲ ਦਾਗੀ ਗਈ ਹੈ ਤੇ 57 ਰਾਊਂਡ ਐਂਟੀ-ਏਅਰਕਰਾਫਟ ਦੇ ਦਾਗੇ ਗਏ ਹਨ। ਇਕ ਫੇਸਬੁੱਕ ਸੂਚਨਾ ਮੁਤਾਬਕ ਡਿੱਗ ਰਹੇ ਮਲਬੇ ਕਾਰਨ ਖੇਰਸਾਨ ਸੂਬੇ ਵਿਚ ਸੱਤ ਘਰਾਂ ਤੇ ਇਕ ਨਿੱਕੇ ਬੱਚਿਆਂ ਦੇ ਸਕੂਲ ਨੂੰ ਨੁਕਸਾਨ ਪੁੱਜਾ ਹੈ।

ਯੂਕਰੇਨ ਮੁਤਾਬਕ ਰੂਸ ਲਗਾਤਾਰ ਮੁਲਕ ਦੇ ਸਨਅਤੀ ਪੂਰਬੀ ਖੇਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਦੋਨੇਸਕ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਤੇ ਤਿੰਨ ਜ਼ਖ਼ਮੀ ਹੋਏ ਹਨ। ਸੂਬੇ ਦੇ 11 ਕਸਬਿਆਂ ਤੇ ਪਿੰਡਾਂ ਉਤੇ ਗੋਲੀਬਾਰੀ ਕੀਤੀ ਗਈ ਹੈ। ਜ਼ੈਪੋਰਿਜ਼ੀਆ ਵਿਚ ਵੀ ਰੂਸੀ ਰਾਕੇਟ ਇਕ ਰਿਹਾਇਸ਼ੀ ਇਲਾਕੇ ਵਿਚ ਡਿੱਗੇ ਹਨ। -ਏਪੀ  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All