ਨਵੀਂ ਦਿੱਲੀ, 4 ਫਰਵਰੀ
ਦਿੱਲੀ ਪੁਲੀਸ ਨੇ ਅੱਜ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਉਸ ਨੇ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਤੇ ਹੋਰਨਾਂ ਲੋਕਾਂ ਵੱਲੋਂ ਟਵਿੱਟਰ ’ਤੇ ਸਾਂਝੇ ਕੀਤੇ ਗਏ ਇੱਕ ਟੂਲ ਕਿੱਟ ਦੇ ਸਬੰਧ ’ਚ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਵਿਸ਼ੇਸ਼ ਪੁਲੀਸ ਕਮਿਸ਼ਨਰ (ਅਪਰਾਧ) ਪ੍ਰਵੀਰ ਰੰਜਨ ਨੇ ਕਿਹਾ ਕਿ ਮੁੱਢਲੀ ਜਾਂਚ ’ਚ ਸੰਕੇਤ ਮਿਲੇ ਹਨ ਕਿ ਇਸ ਦਸਤਾਵੇਜ਼ ਦਾ ਸਬੰਧ ਖਾਲਿਸਤਾਨੀ ਧੜੇ ਨਾਲ ਹੈ। ਇਸ ਵਿਚ ਦੇਸ਼ ’ਚ ਸਮਾਜਿਕ ਭਾਈਚਾਰਾ ਵਿਗਾੜਨ ਦੀ ਗੱਲ ਕਹੀ ਗਈ ਸੀ। ਉਨ੍ਹਾਂ ਕਿਹਾ ਕਿ ਅਪਰਾਧਿਕ ਸਾਜ਼ਿਸ਼, ਦੇਸ਼ ਧਰੋਹ ਤੇ ਹੋਰਨਾਂ ਦੋਸ਼ਾਂ ਹੇਠ ਇਸ ਦੇ ਲੇਖਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਥਨਬਰਗ ਖ਼ਿਲਾਫ਼ ਕੇਸ ਦਰਜ ਕਰਨ ਬਾਰੇ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਕਿਸੇ ਨੂੰ ਵੀ ਨਾਜ਼ਮਦ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿਨੇ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਕਿਸਾਨ ਅੰਦੋਲਨ ਦੀ ਹਮਾਇਤ ’ਚ ਕੀਤੇ ਗਏ ਟਵੀਟਾਂ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਨੇ ਗ੍ਰੇਟਾ ਥਨਬਰਗ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੀਟੀਆਈ