ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,400 ਤੋਂ ਪਾਰ; ਛੇ ਹਜ਼ਾਰ ਤੋਂ ਵੱਧ ਲੋਕ ਅਜੇ ਵੀ ਲਾਪਤਾ
ਮ੍ਰਿਤਕਾਂ ਦੀ ਪਛਾਣ ਕਰਨਾ ਬਣਿਆ ਵੱਡੀ ਚੁਣੌਤੀ
ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 1,400 ਤੋਂ ਪਾਰ ਹੋ ਗਈ ਹੈ। ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਹੋਰ ਲਾਸ਼ਾਂ ਮਿਲਣ ਦੇ ਨਾਲ ਬਚਾਅ ਟੀਮਾਂ ਛੇ ਹਜ਼ਾਰ ਤੋਂ ਵੱਧ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਨੇਪਾਲ ਪੁਲੀਸ ਵੱਲੋਂ ਜਾਰੀ ਇੱਕ ਬੁਲੇਟਿਨ ਅਨੁਸਾਰ, ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,404 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 13,700 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਜਦਕਿ ਲਗਪਗ 6,150 ਲੋਕ ਅਜੇ ਵੀ ਲਾਪਤਾ ਹਨ।
ਨੇਪਾਲ-ਤਿੱਬਤ ਸਰਹੱਦ ਨੇੜੇ 26 ਅਗਸਤ ਨੂੰ ਆਏ ਅਚਾਨਕ ਹੜ੍ਹ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਤੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਸੀ। ਇਸ ਕਾਰਨ ਭੋਟੇਕੋਸ਼ੀ ਨਦੀ ਵਿੱਚ ਹੜ੍ਹ ਆ ਗਿਆ, ਜਿਸ ਨਾਲ ਘਰ, ਵਾਹਨ, ਸੜਕਾਂ ਤੇ ਪੁਲ ਰੁੜ੍ਹ ਗਏ ਅਤੇ ਪਣ-ਬਿਜਲੀ ਪ੍ਰਾਜੈਕਟਾਂ ਨੂੰ ਵੀ ਨੁਕਸਾਨ ਪਹੁੰਚਿਆ।
ਅਧਿਕਾਰੀਆਂ ਨੇ ਦੱਸਿਆ ਕਿ ਨੇਪਾਲ ਵਿੱਚ ਇਕੱਲੇ ਚਿਤਵਨ ਜ਼ਿਲ੍ਹੇ ਵਿੱਚੋਂ 364 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਬਾਅਦ ਨਵਲਪਰਾਸੀ ਪੂਰਬ ਵਿੱਚੋਂ 232 ਅਤੇ ਨਵਲਪਰਾਸੀ ਪੱਛਮ ਵਿੱਚੋਂ 222 ਲਾਸ਼ਾਂ ਮਿਲੀਆਂ ਹਨ। ਬਾਕੀ ਲਾਸ਼ਾਂ ਨੁਵਾਕੋਟ, ਰਸੁਵਾ, ਗੋਰਖਾ ਅਤੇ ਧਾਦਿੰਗ ਆਦਿ ਜ਼ਿਲ੍ਹਿਆਂ ਵਿੱਚੋਂ ਬਰਾਮਦ ਹੋਈਆਂ ਹਨ।
ਅਧਿਕਾਰੀਆਂ ਅਨੁਸਾਰ, ਮ੍ਰਿਤਕਾਂ ਦੀ ਪਛਾਣ ਕਰਨਾ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਇਆ ਹੈ। ਹੁਣ ਤੱਕ ਬਰਾਮਦ ਹੋਈਆਂ ਕੁੱਲ ਲਾਸ਼ਾਂ ਵਿੱਚੋਂ ਸਿਰਫ਼ 104 ਦੀ ਪਛਾਣ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਵਾਰਸਾਂ ਹਵਾਲੇ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਹੇਠਾਂ ਵੱਲ ਰੁੜ੍ਹ ਕੇ ਆਈਆਂ ਲਾਸ਼ਾਂ ਬੁਰੀ ਤਰ੍ਹਾਂ ਗਲ-ਸੜ ਚੁੱਕੀਆਂ ਹਨ ਜਾਂ ਫਿਰ ਸਰੀਰ ਦੇ ਸਿਰਫ਼ ਕੁਝ ਹਿੱਸੇ ਹੀ ਬਰਾਮਦ ਹੋਏ ਹਨ।
ਫ਼ੋਰੈਂਸਿਕ ਮਾਹਿਰਾਂ ਅਨੁਸਾਰ, ਕਈ ਮਾਮਲਿਆਂ ਵਿੱਚ ਡੀ ਐੱਨ ਏ (DNA) ਜਾਂਚ ਬਹੁਤ ਮਹੱਤਵਪੂਰਨ ਹੋ ਗਈ ਹੈ, ਪਰ ਇਹ ਸਮਾਂ ਲੈਣ ਵਾਲੀ ਪ੍ਰਕਿਰਿਆ ਹੈ। ਹੜ੍ਹ ਪ੍ਰਭਾਵਿਤ ਰਸੁਵਾ ਅਤੇ ਨੁਵਾਕੋਟ ਜ਼ਿਲ੍ਹਿਆਂ ਦੇ ਕਈ ਪਣ-ਬਿਜਲੀ ਪ੍ਰਾਜੈਕਟਾਂ ਵਿੱਚ ਖੋਜੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜਿੱਥੇ ਵੱਡੀ ਗਿਣਤੀ ਵਿੱਚ ਕਾਮਿਆਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਇਨ੍ਹਾਂ ਮੁਹਿੰਮਾਂ ਵਿੱਚ ਨੇਪਾਲ ਫ਼ੌਜ, ਹਥਿਆਰਬੰਦ ਪੁਲੀਸ ਬਲ ਅਤੇ ਵਿਦੇਸ਼ੀ ਤਕਨੀਕੀ ਮਾਹਿਰ ਸ਼ਾਮਲ ਹਨ।
ਉੱਥੇ ਹੀ ਚੀਨੀ ਮੀਡੀਆ ਅਨੁਸਾਰ, ਚੀਨ ਵਾਲੇ ਪਾਸੇ ਵੀ ਹੜ੍ਹਾਂ ਵਿੱਚ 43 ਲੋਕਾਂ ਦੀ ਮੌਤ ਹੋਈ ਹੈ ਅਤੇ 500 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ।

