ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1453 ਹੋਈ, ਕਰੀਬ 5300 ਲੋਕ ਅਜੇ ਵੀ ਲਾਪਤਾ
26 ਅਗਸਤ ਨੂੰ ਅਚਾਨਕ ਆਏ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਮਚਾਈ ਸੀ ਭਾਰੀ ਤਬਾਹੀ
ਨੇਪਾਲ ਵਿੱਚ ਪਿਛਲੇ ਮਹੀਨੇ ਅਚਾਨਕ ਆਏ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1,453 ਹੋ ਗਈ ਹੈ ਅਤੇ 5285 ਲੋਕ ਅਜੇ ਵੀ ਲਾਪਤਾ ਹਨ। ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (ਐੱਨ ਡੀ ਆਰ ਆਰ ਐੱਮ ਏ) ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਥਾਰਟੀ ਨੇ ਦੱਸਿਆ ਕਿ ਹੁਣ ਤੱਕ 1,451 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦਕਿ ਦੋ ਹੋਰ ਲੋਕਾਂ ਦੀ ਇਲਾਜ ਦੌਰਾਨ ਮੌਤ ਹੋਈ।
ਅਥਾਰਟੀ ਮੁਤਾਬਕ ਹੁਣ ਤੱਕ ਕੁੱਲ 13,795 ਲੋਕਾਂ ਨੂੰ ਬਚਾਇਆ ਗਿਆ ਹੈ। ਬਚਾਏ ਗਏ ਲੋਕਾਂ ਵਿੱਚੋਂ 1,113 ਲੋਕ ਇਸ ਸਮੇਂ 21 ਆਰਜ਼ੀ ਕੈਂਪਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਵਿੱਚ ਨੁਵਾਕੋਟ ਦੇ 187, ਰਸੂਵਾ ਦੇ 805 ਅਤੇ ਧਾਦਿੰਗ ਜ਼ਿਲ੍ਹੇ ਦੇ 121 ਲੋਕ ਸ਼ਾਮਲ ਹਨ।
ਨੇਪਾਲ-ਤਿੱਬਤ ਸਰਹੱਦ ਨੇੜੇ 26 ਅਗਸਤ ਨੂੰ ਅਚਾਨਕ ਆਏ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਭਾਰੀ ਤਬਾਹੀ ਮਚਾਈ ਸੀ।
ਅਥਾਰਟੀ ਅਨੁਸਾਰ, ਨੇਪਾਲ ਵਿੱਚ ਸੁਰੱਖਿਆ ਏਜੰਸੀਆਂ ਨੇ ਹੁਣ ਤੱਕ ਹੜ੍ਹ ਪ੍ਰਭਾਵਿਤ ਕਰੀਬ 11,000 ਲੋਕਾਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਹੈ। ਅਥਾਰਟੀ ਨੇ ਦੱਸਿਆ ਕਿ ਹੜ੍ਹ ਵਿੱਚ ਜ਼ਖ਼ਮੀ ਸੱਤ ਲੋਕਾਂ ਦਾ ਅਜੇ ਇਲਾਜ ਚੱਲ ਰਹਾ ਹੈ। ਆਫ਼ਤ ਦੇ ਇੱਕ ਮਹੀਨੇ ਬਾਅਦ ਵੀ ਮ੍ਰਿਤਕਾਂ ਦੀ ਪਛਾਣ ਕਰਨਾ ਵੱਡੀ ਚੁਣੌਤੀ ਬਣਿਆ ਹੋਇਆ ਹੈ। ਹੁਣ ਤੱਕ ਬਰਾਮਦ 1,453 ਲਾਸ਼ਾਂ ਵਿੱਚੋਂ 112 ਦੀ ਪਛਾਣ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ।

