ਡੇਵਿਡ ਸ਼ਾਅਲੇ ਦੇ ਨਾਵਲ ‘ਫਲੈੱਸ਼’ ਨੂੰ ਬੁੱਕਰ ਪੁਰਸਕਾਰ
ਹੰਗੇਰੀਅਨ-ਬ੍ਰਿਟਿਸ਼ ਲੇਖਕ ਡੇਵਿਡ ਸ਼ਾਅਲੇ ਨੂੰ ਉਸ ਦੇ ਨਾਵਲ ‘ਫਲੈੱਸ਼’ ਲਈ ਵੱਕਾਰੀ ਬੁੱਕਰ ਪੁਰਸਕਾਰ 2025 ਦਾ ਜੇਤੂ ਐਲਾਨਿਆ ਗਿਆ ਹੈ। ਲੰਡਨ ਵਿੱਚ ਬੀਤੀ ਰਾਤ ਹੋਏ ਸਮਾਗਮ ਵਿੱਚ ਸ਼ਾਅਲੇ ਨੇ ਭਾਰਤੀ ਲੇਖਕਾ ਕਿਰਨ ਦੇਸਾਈ ਦੇ ਨਾਵਲ ‘ਦਿ ਲੋਨਲੀਨੈੱਸ ਆਫ ਸੋਨੀਆ ਐਂਡ ਸਨੀ’ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। 51 ਸਾਲਾ ਸ਼ਾਅਲੇ ਨੂੰ 50,000 ਪੌਂਡ ਦੀ ਇਨਾਮੀ ਰਾਸ਼ੀ ਅਤੇ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਉਸ ਦਾ ਨਾਵਲ ਅਜਿਹੇ ਸ਼ਖ਼ਸ ਦੀ ਕਹਾਣੀ ਹੈ ਜੋ ਭਾਵਨਾਤਮਕ ਤੌਰ ’ਤੇ ਦੁਨੀਆ ਤੋਂ ਟੁੱਟਿਆ ਹੋਇਆ ਹੈ। ਉਧਰ, ਕਿਰਨ ਦੇਸਾਈ ਬੁੱਕਰ ਪੁਰਸਕਾਰ ਦੇ 56 ਸਾਲਾਂ ਦੇ ਇਤਿਹਾਸ ਵਿੱਚ ਇਹ ਪੁਰਸਕਾਰ ਦੋ ਵਾਰ ਜਿੱਤਣ ਵਾਲੀ ਪੰਜਵੀਂ ਲੇਖਕਾ ਬਣਨ ਤੋਂ ਖੁੰਝ ਗਈ। ਉਸ ਨੇ ਪਹਿਲਾਂ 2006 ਵਿੱਚ ਨਾਵਲ ‘ਦਿ ਇਨਹੈਰੀਟੈਂਸ ਆਫ ਲੌਸ’ ਲਈ ਇਹ ਪੁਰਸਕਾਰ ਜਿੱਤਿਆ ਸੀ। ਕਿਰਨ ਦੇਸਾਈ ਦੇ 667 ਪੰਨਿਆਂ ਦੇ ਨਾਵਲ ਨੂੰ ਜੱਜਾਂ ਨੇ ‘ਪਿਆਰ ਤੇ ਪਰਿਵਾਰ, ਭਾਰਤ ਤੇ ਅਮਰੀਕਾ, ਪਰੰਪਰਾ ਤੇ ਆਧੁਨਿਕਤਾ ਦਾ ਮਹਾਕਾਵਿ’ ਦੱਸਿਆ; ਹਾਲਾਂਕਿ ਅੰਤ ਵਿੱਚ ਜੱਜਾਂ ਨੂੰ ‘ਫਲੈੱਸ਼’ ਨੇ ਵਧੇਰੇ ਪ੍ਰਭਾਵਿਤ ਕੀਤਾ।
ਇਸ ਪੁਰਸਕਾਰ ਦੀ ਦੌੜ ਵਿੱਚ ਛੇ ਨਾਵਲ ਸ਼ਾਮਲ ਸਨ ਜਿਨ੍ਹਾਂ ਵਿੱਚ ਅਮਰੀਕੀ-ਕੋਰਿਆਈ ਲੇਖਕ ਸੂਜ਼ਨ ਚੋਈ ਦਾ ਨਾਵਲ ‘ਫਲੈਸ਼ਲਾਈਟ’, ਅਮਰੀਕੀ ਜਪਾਨੀ ਲੇਖਕਾ ਕੇਟੀ ਕਿਤਾਮੁਰਾ ਦੀ ਪੁਸਤਕ , ‘ਔਡੀਸ਼ਨ’, ਬਰਤਾਨਵੀ ਅਮਰੀਕੀ ਲੇਖਕ ਬੈੱਨ ਮਾਰਕੋਵਿਟਸ ਦਾ ਨਾਵਲ ‘ਦਿ ਰੈਸਟ ਆਫ ਅਵਰ ਲਾਈਵਜ਼’ ਅਤੇ ਐਂਡਰਿਊ ਮਿਲਰ ਦਾ ਨਾਵਲ ‘ਦਿ ਲੈਂਡ ਇਨ ਵਿੰਟਰ’ ਵੀ ਸ਼ਾਮਲ ਸਨ।
