ਸ਼ੇਖ ਹਸੀਨਾ ਬਾਰੇ ਅਪਰਾਧ ਟ੍ਰਿਬਿਊਨਲ ਦਾ ਫ਼ੈਸਲਾ 17 ਨੂੰ
ਬੰਗਲਾਦੇਸ਼ ਦੇ ਕੌਮਾਂਤਰੀ ਅਪਰਾਧ ਟ੍ਰਿਬਿਊਨਲ (ਆਈ ਸੀ ਟੀ-ਬੀ ਡੀ) ਨੇ ਅੱਜ ਐਲਾਨ ਕੀਤਾ ਕਿ ਉਹ ਮਨੁੱਖਤਾ ਵਿਰੁੱਧ ਅਪਰਾਧ ਦੇ ਮਾਮਲੇ ’ਚ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮੁਤੱਲਕ 17 ਨਵੰਬਰ ਨੂੰ ਫ਼ੈਸਲਾ ਸੁਣਾਏਗਾ। ਦੂਜੇ ਪਾਸੇ, ਹਸੀਨਾ ਦੀ ਹੁਣ ਭੰਗ ਹੋ ਚੁੱਕੀ ਅਵਾਮੀ ਲੀਗ ਪਾਰਟੀ ਦੇ ਬੰਦ ਦੇ ਸੱਦੇ ਦੇ ਮੱਦੇਨਜ਼ਰ ਰਾਜਧਾਨੀ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।
ਰਾਜਧਾਨੀ ਢਾਕਾ ’ਚ ਸਖ਼ਤ ਸੁਰੱਖਿਆ ਵਾਲੀ ਵਿਸ਼ੇਸ਼ ਅਦਾਲਤ ’ਚ ਹਾਜ਼ਰ ਪੱਤਰਕਾਰ ਨੇ ਦੱਸਿਆ, ‘‘ਤਿੰਨ ਜੱਜਾਂ ਵਾਲੇ ਟ੍ਰਿਬਿਊਨਲ ਨੇ ਫ਼ੈਸਲਾ ਸੁਣਾਉਣ ਲਈ 17 ਨਵੰਬਰ ਦੀ ਤਰੀਕ ਮੁਕੱਰਰ ਕੀਤੀ ਹੈ।’’ ਸ਼ੇਖ ਹਸੀਨਾ, ਅਹੁਦੇ ਤੋਂ ਹਟਾਏ ਗਏ ਅਵਾਮੀ ਲੀਗ ਸਰਕਾਰ ’ਚ ਗ੍ਰਹਿ ਮੰਤਰੀ ਅਸਦੁੱਜਮਾਨ ਖਾਨ ਕਮਾਲ ਅਤੇ ਤਤਕਾਲੀ ਆਈ ਜੀ ਪੀ ਚੌਧਰੀ ਅਬਦੁੱਲ ਅਲ-ਮਾਮੂਨ ’ਤੇ ਟ੍ਰਿਬਿਊਨਲ ’ਚ ਮੁਕੱਦਮਾ ਚਲਾਇਆ ਗਿਆ। ਸਾਬਕਾ ਪ੍ਰਧਾਨ ਮੰਤਰੀ ਅਤੇ ਕਮਾਲ ’ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ’ਚ ਮੁਕੱਦਮਾ ਚੱਲਿਆ ਅਤੇ ਅਦਾਲਤ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ।
ਦੂਜੇ ਪਾਸੇ, ਅਵਾਮੀ ਲੀਗ ਪਾਰਟੀ ਦੇ ਢਾਕਾ ਬੰਦ ਦੇ ਸੱਦੇ ਵਿਚਾਲੇ ਅੱਜ ਕੌਮੀ ਰਾਜਧਾਨੀ ’ਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਅਥਾਰਿਟੀਆਂ ਨੇ ਸੈਨਾ, ਨੀਮ ਫੌਜੀ ਬਲ ਬਾਰਡਰ ਗਾਰਡ ਬੰਗਲਾਦੇਸ਼ (ਬੀ ਜੀ ਬੀ) ਅਤੇ ਦੰਗਾ ਕੰਟਰੋਲ ਉਪਕਰਨਾਂ ਨਾਲ ਲੈਸ ਪੁਲੀਸ ਤਾਇਨਾਤ ਕਰ ਦਿੱਤੀ ਹੈ।
