ਹਾਂਗਕਾਂਗ, 29 ਨਵੰਬਰ
ਚੀਨ ਸਰਕਾਰ ਵੱਲੋਂ ਕਰੋਨਾ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋ ਰਹੇ ਹਨ ਅਤੇ ਪ੍ਰਦਰਸ਼ਨਕਾਰੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। ਪੇਈਚਿੰਗ ਅਤੇ ਹੋਰ ਵੱਡੇ ਸ਼ਹਿਰਾਂ ‘ਚ ਪੁਲੀਸ ਦੀ ਭਾਰੀ ਤਾਇਨਾਤੀ ਕਾਰਨ ਅੱਜ ਪ੍ਰਦਰਸ਼ਨਕਾਰੀ ਸ਼ਾਂਤ ਰਹੇ। ਸਰਕਾਰ ਨੇ ਕੁਝ ਸ਼ਹਿਰਾਂ ਵਿੱਚ ਕਰੋਨਾ ਸਬੰਧੀ ਲਾਈਆਂ ਗਈਆਂ ਪਾਬੰਦੀਆਂ ਵਿੱਚ ਥੋੜ੍ਹੀ ਢਿੱਲ ਦਿੱਤੀ ਪਰ ਇਸ ਦਾ ਮਕਸਦ ਲੋਕਾਂ ਦੇ ਗੁੱਸੇ ਨੂੰ ਠੰਢਾ ਕਰਨਾ ਸੀ, ਉਂਜ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੀ ਫ਼ੈਸਲੇ ‘ਤੇ ਅੜੀ ਹੋਈ ਹੈ।
ਹਾਂਗਕਾਂਗ ਵਿੱਚ ਸੋਮਵਾਰ ਨੂੰ 50 ਦੇ ਕਰੀਬ ਵਿਦਿਆਰਥੀਆਂ ਨੇ ਚੀਨੀ ਯੂਨੀਵਰਸਿਟੀ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਕ ਵਿੱਚ ਮੋਮਬੱਤੀ ਮਾਰਚ ਕੀਤਾ। ਉਨ੍ਹਾਂ ਨੇ ਆਪਣੀ ਪਛਾਣ ਲੁਕਾਉਣ ਲਈ ਮੂੰਹ ਢਕੇ ਹੋਏ ਸਨ। ਇਸ ਦੌਰਾਨ ਉਨ੍ਹਾਂ, ”ਪੀਸੀਆਰ ਟੈਸਟ ਨਹੀਂ, ਆਜ਼ਾਦੀ’ ਅਤੇ ‘ਤਾਨਾਸ਼ਾਹੀ ਦਾ ਵਿਰੋਧ ਕਰੋ, ਗੁਲਾਮ ਨਾ ਬਣੋ’ ਦੇ ਨਾਅਰੇ ਲਗਾਏ।
ਅਮਰੀਕੀ ਦੂਤਾਵਾਸ ਨੇ ਨਾਗਰਿਕਾਂ ਨੂੰ ਸਾਰੀਆਂ ਸਥਿਤੀਆਂ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ। ਵਾਸ਼ਿੰਗਟਨ ਵਿੱਚ ਵ੍ਹਾਈਟ ਹਾਊਸ ਦੀ ਕੌਮੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਕਿਰਬੀ ਨੇ ਕਿਹਾ ਕਿ ਚੀਨ ਵਿੱਚ ਕੁੱਝ ਅਜਿਹੇ ਲੋਕ ਹਨ ਜੋ ਲੌਕਡਾਊਨ ਤੋਂ ਚਿੰਤਤ ਹਨ। ਉਹ ਇਸ ਸਬੰਧੀ ਰੋਸ ਵੀ ਪ੍ਰਗਟਾ ਰਹੇ ਹਨ। ਕਿਰਬੀ ਨੇ ਉਨ੍ਹਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ ਹੈ। ਉਧਰ ਅੱਜ ਕਰੋਨਾ ਦੇ ਕੇਸਾਂ ਵਿੱਚ ਥੋੜ੍ਹੀ ਕਮੀ ਨਜ਼ਰ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ 38,421 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 34,860 ਵਿੱਚ ਲਾਗ ਦੇ ਲੱਛਣ ਦਿਖਾਈ ਨਹੀਂ ਦਿੱਤੇ। -ਏਪੀ
ਵ੍ਹਾਈਟ ਹਾਊਸ ਵੱਲੋਂ ਪ੍ਰਦਰਸ਼ਨਕਾਰੀਆਂ ਦੀ ਹਮਾਇਤ
ਵਾਸ਼ਿੰਗਟਨ: ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਚੀਨ ਵਿੱਚ ਚੱਲ ਰਹੇ ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਦੇ ਅਧਿਕਾਰ ਲਈ ਖੜ੍ਹਾ ਰਹੇਗਾ ਅਤੇ ਉਸ ਦਾ ਸਮਰਥਨ ਜਾਰੀ ਰੱਖੇਗਾ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਚੀਨ ਵਿੱਚ ਵਾਪਰ ਰਹੀਆਂ ਘਟਨਾਵਾਂ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਨੀਤੀਆਂ ਜਾਂ ਕਾਨੂੰਨਾਂ ਦਾ ਸ਼ਾਂਤੀਮਈ ਵਿਰੋਧ ਕਰਨ ਦਾ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ”ਤੁਹਾਡੀ ਉਮੀਦ ਮੁਤਾਬਕ ਅਸੀਂ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ। ਅਸੀਂ ਇਕ ਵਾਰ ਫਿਰ ਸ਼ਾਂਤਮਈ ਪ੍ਰਦਰਸ਼ਨਾਂ ਦੇ ਨਾਲ ਖੜ੍ਹੇ ਹਾਂ ਅਤੇ ਇਸ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ।” -ਪੀਟੀਆਈ